ਇਕ ਆਰ.ਐਨ.ਆਰੀ. ਔਰਤ ਵਲੋਂ ਜਗਰਾਓਂ ਤੋਂ ‘ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਖਿਲਾਫ਼ ਕੋਠੀ ਦੱਬਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਐਮ.ਐਲ.ਏ. ਖੁਦ ਮੀਡੀਆ ਸਾਹਮਣੇ ਆਈ ਅਤੇ ਉਹਨਾਂ ਨੇ ਪ੍ਰੈੱਸ ਵਾਰਤਾ ਕਰਦੇ ਹੋਏ ਆਪਣਾ ਪੱਖ ਰੱਖਿਆ ਹੈ। ਵਿਧਾਇਕਾ ਮਾਣੂਕੇ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ‘ਤੇ ਹੀ ਹੁਣ ਤੱਕ ਰਹਿੰਦੇ ਆਏ ਹਨ ਅਤੇ ਇਹ ਮਕਾਨ ਵੀ ਉਹਨਾਂ ਨੇ ਕਿਰਾਏ ‘ਤੇ ਲਿਆ ਪਰ ਵਿਵਾਦ ਖੜਾ ਹੋਣ ਤੋਂ ਬਾਅਦ ਜਿਸ ਮਾਲਕ ਕੋਲੋਂ ਉਨ੍ਹਾਂ ਨੇ ਕੋਠੀ ਕਿਰਾਏ ‘ਤੇ ਲਈ ਸੀ, ਉਸ ਨੂੰ ਚਾਬੀਆਂ ਵਾਪਸ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਪਰਟੀ ਵਿਵਾਦਿਤ ਸੀ ਅਤੇ ਜਦੋਂ ਐੱਨ. ਆਰ. ਆਈ. ਔਰਤ ਨੇ ਇਸ ‘ਤੇ ਆਪਣਾ ਹੱਕ ਜਤਾਇਆ ਤਾਂ ਉਨ੍ਹਾਂ ਨੇ ਤੁਰੰਤ ਚਾਬੀਆਂ ਮਕਾਨ ਮਾਲਕ ਨੂੰ ਸੌਂਪ ਦਿੱਤੀਆਂ। ਮਾਣੂੰਕੇ ਨੇ ਕਿਹਾ ਕਿ ਉਹ ਹਿੱਕ ਠੋਕ ਕੇ ਕਹਿੰਦੇ ਹਨ ਕਿ ਉਨ੍ਹਾਂ ਨੇ ਜਿਹੜੀ ਕੋਠੀ ਕਿਰਾਏ ‘ਤੇ ਲਈ ਸੀ, ਉਸ ਦੀਆਂ ਚਾਬੀਆਂ ਮਕਾਨ ਮਾਲਕ ਨੂੰ ਸੌਂਪ ਦਿੱਤੀਆਂ ਹਨ ਅਤੇ ਖਹਿਰਾ ਸਾਹਿਬ ਆਪਣੀਆਂ ਘਟੀਆਂ ਹਰਕਤਾਂ ਤੋਂ ਬਾਜ਼ ਆ ਜਾਣ।
ਸੁਖਪਾਲ ਸਿੰਘ ਖਹਿਰਾ ਨੂੰ ਚੈਲੰਜ ਕਰਦਿਆਂ ਬੀਬੀ ਮਾਣੂੰਕੇ ਨੇ ਕਿਹਾ ਕਿ ਮੈਂ ਤਾਂ ਕਿਰਾਏ ਦੀ ਕੋਠੀ ਖ਼ਾਲੀ ਕਰ ਦਿੱਤੀ ਪਰ ਤੁਸੀਂ ਰਾਮਗੜ੍ਹ ਵਾਲੇ ਘਰ ਦੇ ਰਾਹ ‘ਚ ਆਉਣ ਵਾਲੀ ਸੜਕ ਦੱਬੀ ਹੋਈ ਹੈ, ਉਸ ਨੂੰ ਜਨਤਕ ਕਰੋ ਅਤੇ ਲੋਕਾਂ ਨੂੰ ਦੱਸੋ ਕਿ ਉਹ ਸੜਕ ਕਿੱਥੇ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ‘ਤੇ ਪਾਣੀ ਹੋਵੇ, ਉੱਥੇ 17 ਕੀਲਿਆਂ ਤੋਂ ਵੱਧ ਜ਼ਮੀਨ ਨਹੀਂ ਰੱਖੀ ਜਾ ਸਕਦੀ ਪਰ ਖਹਿਰਾ ਸਾਹਿਬ ਕੋਲ ਤਾਂ 51 ਕੀਲੇ ਜ਼ਮੀਨ ਹੈ ਅਤੇ ਇਹ ਕਿੱਥੋਂ ਆਈ।