ਪੰਜਾਬ ਵਿਚ ਪੀਸੀਐਸ ਅਫ਼ਸਰਾਂ ਦੀ ਹੜਤਾਲ ਚਲ ਰਹੀ ਹੈ ਜਿਸ ’ਤੇ ਭਗਵੰਤ ਮਾਨ ਦਾ ਸਖ਼ਤ ਰਵਈਆ ਵਿਖਾਈ ਦੇ ਰਿਹਾ ਹੈ। ਮਾਨ ਸਰਕਾਰ ਵਲੋਂ ਪੀਸੀਐਸ ਅਫ਼ਸਰਾਂ ਦੀ ਹੜਤਾਲ ’ਤੇ ਸਖ਼ਤ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਨੇ ਸਖ਼ਤ ਹੁਕਮ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ, ਪੀਸੀਐਸ ਅਫ਼ਸਰ ਅੱਜ ਦੁਪਹਿਰ 2 ਵਜੇ ਤੱਕ ਹਰ ਹਾਲਤ ਵਿਚ ਡਿਊਟੀ ’ਤੇ ਹਾਜ਼ਰ ਹੋ ਜਾਣ, ਜੇਕਰ ਉਕਤ ਅਧਿਕਾਰੀ ਆਪਣੀ ਡਿਊਟੀ ’ਤੇ ਵਾਪਸ ਨਹੀਂ ਪਹੁੰਚਦੇ ਤਾਂ, ਸਰਕਾਰ ਨੂੰ ਮਜ਼ਬੂਰਨ ਸਖ਼ਤ ਐਕਸ਼ਨ ਲੈਣਾ ਪਵੇਗਾ ਅਤੇ ਡਿਊਟੀ ’ਤੇ ਨਾ ਪਹੁੰਚਣ ਵਾਲੇ ਸਾਰੇ ਪੀਸੀਐਸ ਅਫ਼ਸਰਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਇਸ ਸਬੰਧ ਵਿਚ ਇਕ ਟਵੀਟ ਵੀ ਕੀਤਾ ਹੈ ਅਤੇ ਕਿਹਾ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੋਈ ਵੀ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇ ਮੰਤਰੀ ਹੋਵੇ, ਸੰਤਰੀ ਹੋਵੇ ਜਾਂ ਮੇਰਾ ਸਕਾ-ਸਬੰਧੀ। ਨਾਲ ਹੀ ਉਹਨਾਂ ਕਿਹਾ ਕਿ ਜਨਤਾ ਦੇ ਇਕ-ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ।
ਦਸ ਦਈਏ ਕਿ ਇਸ ਸਬੰਧ ਵਿਚ ਮਾਨ ਸਰਕਾਰ ਨੇ ਇਕ ਪੱਤਰ ਵੀ ਜਾਰੀ ਕਰ ਦਿੱਤਾ ਹੈ ਜਿਸ ਵਿਚ ਉਹਨਾਂ ਨੇ ਆਦੇਸ਼ ਜਾਰੀ ਕੀਤੇ ਹਨ ਕਿ ਹੜਤਾਲ ‘ਤੇ ਬੈਠੇ PCS ਅਫ਼ਸਰ ਅੱਜ ਦੁਪਹਿਰ 2 ਵਜੇ ਤੱਕ ਆਪਣੀ ਡਿਊਟੀ ‘ਤੇ ਪਹੁੰਚਣ ਜੇਕਰ ਉਹ ਡਿਊਟੀ ‘ਤੇ ਨਹੀਂ ਪਹੁੰਚਣਗੇ ਤਾਂ ਉਹਨਾਂ ਸਾਰੇ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ।
ਤੁਹਾਨੂੰ ਦਸ ਦਈਏ ਕਿ ਅਫਸਰਾਂ ਦੀ ਯੂਨੀਅਨ ਵਿਜੀਲੈਂਸ ਬਿਉਰੋ ਵੱਲੋਂ PCS ਨਰਿੰਦਰ ਸਿੰਘ ਧਾਲੀਵਾਲ ਤੇ IAS ਅਧਿਕਾਰੀ ਨੀਲਿਮਾ ਖ਼ਿਲਾਫ਼ ਕੀਤੀ ਕਾਰਵਾਈ ਤੋਂ ਭੜਕ ਗਏ ਹਨ। ਇਸ ਦੇ ਨਾਲ ਹੀ ਮਾਲ ਮਹਿਕਮੇ ਦੇ ਹੋਰ ਅਫਸਰ ਤੇ ਮੁਲਾਜ਼ਮ ਵੀ ਹੜਤਾਲ ਉੱਪਰ ਚਲੇ ਗਏ ਹਨ। ਇਸ ਨਾਲ ਪੂਰੇ ਸੂਬੇ ਵਿੱਚ ਕੰਮ ਰੁਕ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਵੀ ਆ ਰਹੀਆਂ ਹਨ ਜਿਸ ਤੋਂ ਬਾਅਦ ਹੁਣ ਮਾਨ ਸਰਕਾਰ ਵਲੋਂ ਹੜਤਾਲ ’ਤੇ ਗਏ ਪੀਸੀਐਸ ਅਫ਼ਸਰਾਂ ਖਿਲਾਫ਼ ਇਹ ਸਖ਼ਤ ਐਕਸ਼ਨ ਲਿਆ ਗਿਆ ਹੈ।