ਕੇਂਦਰੀ ਮੰਤਰੀ ਵੀਕੇ ਸਿੰਘ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ POK ਜਲਦੀ ਹੀ ਆਪਣੇ ਆਪ ਭਾਰਤ ਵਿੱਚ ਸ਼ਾਮਲ ਹੋ ਜਾਵੇਗਾ। ਵੀਕੇ ਸਿੰਘ ਨੇ ਰਾਜਸਥਾਨ ਦੇ ਦੌਸਾ ਵਿੱਚ ਕਿਹਾ ਕਿ POK ‘ਖੁਦ-ਬ-ਖੁਦ’ ਭਾਰਤ ਵਿੱਚ ਸ਼ਾਮਲ ਹੋ ਜਾਵੇਗਾ, ਕੁਝ ਸਮਾਂ ਉਡੀਕ ਕਰੋ। ਕੇਂਦਰੀ ਰਾਜ ਮੰਤਰੀ ਨੇ ਇਹ ਗੱਲਾਂ POK ਵਿੱਚ ਸ਼ੀਆ ਮੁਸਲਮਾਨਾਂ ਵਲੋਂ ਭਾਰਤ ਦੀ ਸਰਹੱਦ ਖੋਲ੍ਹਣ ਦੀ ਮੰਗ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਹੀਆਂ। ਤੁਹਾਨੂੰ ਦੱਸ ਦੇਈਏ ਕਿ ਵੀਕੇ ਸਿੰਘ, ਦੌਸਾ ਵਿੱਚ ਭਾਜਪਾ ਦੀ ਪਰਿਵਰਤਨ ਸੰਕਲਪ ਯਾਤਰਾ ਦੌਰਾਨ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਕੇਂਦਰੀ ਮੰਤਰੀ ਨੇ ਭਾਰਤ ਦੀ ਪ੍ਰਧਾਨਗੀ ਹੇਠ ਹਾਲ ਹੀ ਵਿੱਚ ਸਮਾਪਤ ਹੋਏ ਜੀ-20 ਸੰਮੇਲਨ ਦੀ ਸਫ਼ਲਤਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸੰਮੇਲਨ ਦੀ ਸ਼ਾਨ ਨਾਲ ਭਾਰਤ ਨੂੰ ਵਿਸ਼ਵ ਮੰਚ ‘ਤੇ ਇਕ ਵੱਖਰੀ ਪਛਾਣ ਮਿਲੀ ਹੈ ਅਤੇ ਦੇਸ਼ ਨੇ ਦੁਨੀਆ ‘ਚ ਆਪਣੀ ਤਾਕਤ ਦਾ ਸਬੂਤ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜੀ-20 ਮੀਟਿੰਗ ਬੇਮਿਸਾਲ ਸੀ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਅਤੇ ਨਾ ਹੀ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਅਜਿਹਾ ਸੰਮੇਲਨ ਆਯੋਜਿਤ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਨੇ ਦੁਨੀਆ ‘ਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਜੀ-20 ਸਮੂਹ ਵਿੱਚ ਦੁਨੀਆ ਦੇ ਸਾਰੇ ਸ਼ਕਤੀਸ਼ਾਲੀ ਦੇਸ਼ ਸ਼ਾਮਲ ਹਨ।
ਵੀਕੇ ਸਿੰਘ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਰਾਜਸਥਾਨ ਦੀ ਗਹਿਲੋਤ ਸਰਕਾਰ ‘ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਬਹੁਤ ਮਾੜੀ ਹੈ। ਇਹੀ ਕਾਰਨ ਹੈ ਕਿ ਭਾਜਪਾ ਨੂੰ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀ ਗੱਲ ਸੁਣਨ ਲਈ ਪਰਿਵਰਤਨ ਸੰਕਲਪ ਯਾਤਰਾ ਕੱਢਣੀ ਪਈ ਹੈ। ਲੋਕ ਬਦਲਾਅ ਚਾਹੁੰਦੇ ਹਨ ਅਤੇ ਉਹ ਇਸ ਯਾਤਰਾ ‘ਚ ਸਾਡੇ ਨਾਲ ਆ ਰਹੇ ਹਨ ਅਤੇ ਉਨ੍ਹਾਂ ਨੇ ਬਦਲਾਅ ਲਿਆਉਣ ਦਾ ਮਨ ਬਣਾ ਲਿਆ ਹੈ।