ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੁਲਾਜ਼ਮਾਂ ਨੇ ਆਪਣੀ ਯੂਨੀਅਨ ਬਣਾ ਲਈ ਹੈ। ਕਰਮਚਾਰੀਆਂ ਨੇ ਇੰਡੀਅਨ ਟਰੇਡ ਯੂਨੀਅਨ ਐਕਟ 1926 ਦੇ ਤਹਿਤ ਲੇਬਰ ਵਿਭਾਗ ਕੋਲ ਆਪਣੀ ਯੂਨੀਅਨ ਰਜਿਸਟਰਡ ਵੀ ਕਰਵਾਈ ਅਤੇ ਇਸ ਦਾ ਨਾਂ ‘ਐਸਜੀਪੀਸੀ ਕਰਮਚਾਰੀ ਯੂਨੀਅਨ’ ਰੱਖਿਆ। ਮੁਲਾਜ਼ਮਾਂ ਦੇ ਇਸ ਕਦਮ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਤਰਾਜ਼ ਉਠਾਉਣਾ ਸ਼ੁਰੂ ਕਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਇਹ ਕਦਮ ਉਸ ਵਿਵਾਦ ਦੇ ਵਿਚਕਾਰ ਚੁੱਕਿਆ ਗਿਆ ਹੈ, ਜਦੋਂ ਲੰਗਰ ਵਿੱਚ ਹੋਏ 1 ਕਰੋੜ ਦੇ ਘਪਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ 51 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਰਾਗੀ ਤੇ ਪਾਠੀ ਯੂਨੀਅਨਾਂ ਬਣੀਆਂ ਹਨ ਤਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਸ ’ਤੇ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
ਇਸ ਦੇ ਨਾਲ ਹੀ ਇਸ ਕਦਮ ਤੋਂ ਬਾਅਦ ਸ਼੍ਰੋਮਣੀ ਕਮੇਟੀ ਲਈ ਇੱਕ ਹੋਰ ਔਖਾ ਦੌਰ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਆਪਣੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਵਾਰ ਵਾਰ ਉਠਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਯੂਨੀਅਨ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨਾਲ ਗੱਲਬਾਤ ਕਰਨੀ ਪਵੇਗੀ।
ਮੁਲਾਜ਼ਮਾਂ ਦੀ ਇਸ ਹਰਕਤ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਨਾਰਾਜ਼ ਨਜ਼ਰ ਆ ਰਹੇ ਹਨ ਪਰ ਕੋਈ ਵੀ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ। ਦੂਜੇ ਪਾਸੇ ਇਸ ਯੂਨੀਅਨ ਨਾਲ 1200 ਦੇ ਕਰੀਬ ਮੁਲਾਜ਼ਮ ਵੀ ਰਜਿਸਟਰਡ ਹੋ ਚੁੱਕੇ ਹਨ। ਜਿਸ ਤੋਂ ਸਪਸ਼ਟ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਯੂਨੀਅਨ ਇੱਕ ਮਜ਼ਬੂਤ ਜਥੇਬੰਦੀ ਬਣ ਕੇ ਉਭਰੇਗੀ। ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਇਸ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ ਅਤੇ ਕਿਹਾ ਕਿ ਇਹ ਕੋਈ ਵਿਭਾਗ ਨਹੀਂ ਹੈ ਜਿਥੇ ਕੋਈ ਯੂਨੀਅਨ ਬਣਾਈ ਜਾਵੇ ਸਗੋਂ ਇਹ ਸਿੱਖਾਂ ਦੀ ਇਕ ਸਿਰਮੌਰ ਸੰਸਥਾ ਹੈ। ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਇਹ ਸੇਵਾ ਭਾਵਨਾ ਨਾਲ ਬਣਾਈ ਗਈ ਸੰਸਥਾ ਹੈ ਇਸ ਲਈ ਅਜਿਹੀ ਕੋਈ ਵੀ ਯੂਨੀਅਨ ਬਣਾਉਣਾ ਸਰਾਸਰ ਗ਼ਲਤ ਹੈ।