‘1942 ਏ ਲਵ ਸਟੋਰੀ’, ‘ਹਮ ਦਿਲ ਦੇ ਚੁਕੇ ਸਨਮ’, ‘ਸਵਦੇਸ’, ‘ਖਾਕੀ’, ‘ਲਗਾਨ’ ਅਤੇ ‘ਦੇਵਦਾਸ’ ਵਰਗੀਆਂ ਫਿਲਮਾਂ ਦੇ ਆਰਟ ਡਾਇਰੈਕਟਰ ਨਿਤਿਨ ਦੇਸਾਈ, ਕਰਜਤ ਦੇ ਐਨਡੀ ਸਟੂਡੀਓ ‘ਚ ਲਟਕਦੇ ਮਿਲੇ। ਇਸ ਤੋਂ ਬਾਅਦ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਖ਼ੁਦਕੁਸ਼ੀ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਨਿਤਿਨ ਦੇਸਾਈ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਚਾਣਕਯ ਅਤੇ ਤਮਸ ਵਰਗੇ ਸੀਰੀਅਲਾਂ ਨਾਲ ਕੀਤੀ ਸੀ ਅਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ‘1942 ਏ ਲਵ ਸਟੋਰੀ’ ‘ਚ ਉਹਨਾਂ ਦੇ ਕੰਮ ਲਈ ਨੋਟਿਸ ਕੀਤਾ ਗਿਆ ਸੀ। ਨਿਤਿਨ ਦੇਸਾਈ ਨੇ ਕਲਾ ਨਿਰਦੇਸ਼ਨ ਲਈ ਚਾਰ ਰਾਸ਼ਟਰੀ ਫਿਲਮ ਪੁਰਸਕਾਰ ਵੀ ਜਿੱਤੇ ਹਨ।
ਦੱਸ ਦੇਈਏ ਕਿ ਨਿਤਿਨ ਦੇਸਾਈ ਇੱਕ ਮਸ਼ਹੂਰ ਆਰਟ ਡਾਇਰੈਕਟਰ ਦੇ ਨਾਲ-ਨਾਲ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਵੀ ਸਨ। ਨਿਤਿਨ ਦੇਸਾਈ ਮਰਾਠੀ ਅਤੇ ਹਿੰਦੀ ਸਿਨੇਮਾ ਵਿੱਚ ਇੱਕ ਵੱਡਾ ਨਾਮ ਸੀ। ਸਟੂਡੀਓ ‘ਚ ਨਿਤਿਨ ਦੇਸਾਈ ਦੀ ਲਾਸ਼ ਮਿਲਣ ਤੋਂ ਬਾਅਦ ਉਥੇ ਮੌਜੂਦ ਸਟਾਫ ਨੇ ਪੁਲਸ ਨੂੰ ਸੂਚਨਾ ਦਿੱਤੀ। ਹੁਣ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਐਨਡੀ ਸਟੂਡੀਓ ਨਿਤਿਨ ਦੇਸਾਈ ਦਾ ਦੂਜਾ ਘਰ ਸੀ। ਖਬਰਾਂ ਮੁਤਾਬਕ ਖੁਦਕੁਸ਼ੀ ਤੋਂ ਦੋ ਦਿਨ ਪਹਿਲਾਂ ਤੱਕ ਉਹ ਸਟੂਡੀਓ ਵਿੱਚ ਹੀ ਸੀ। ਕੱਲ੍ਹ ਤੱਕ ਉਨ੍ਹਾਂ ਨੇ ਆਪਣੀ ਟੀਮ ਨੂੰ ਆਉਣ ਵਾਲੇ ਪ੍ਰੋਜੈਕਟ ਬਾਰੇ ਜਾਣੂ ਵੀ ਕਰ ਦਿੱਤਾ ਸੀ ਪਰ ਅੱਜ ਸਵੇਰ ਤੋਂ ਉਨ੍ਹਾਂ ਨੇ ਕਿਸੇ ਦਾ ਫੋਨ ਨਹੀਂ ਚੁੱਕਿਆ, ਜਿਸ ਕਰਕੇ ਸਟਾਫ ਨੇ ਐਨਡੀ ਸਟੂਡੀਓ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਸ ਨੇ ਦਰਵਾਜ਼ਾ ਤੋਵਿਆ ਅਤੇ ਜਦੋਂ ਉਹਨਾਂ ਨੂੰ ਇਸ ਹਾਲਾਤ ਵਿਚ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ।
ਜ਼ਿਕਰਯੋਗ ਹੈ ਕਿ ਨਿਤਿਨ ਦੇਸਾਈ ਨੂੰ ਸਰਵੋਤਮ ਕਲਾ ਨਿਰਦੇਸ਼ਕ ਵਜੋਂ ਚਾਰ ਵਾਰ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਦੋ ਦਹਾਕਿਆਂ ਦੇ ਕਰੀਅਰ ਵਿੱਚ, ਨਿਤਿਨ ਦੇਸਾਈ ਨੇ ਬਾਲੀਵੁੱਡ ਦੇ ਕਈ ਮਸ਼ਹੂਰ ਫਿਲਮ ਨਿਰਮਾਤਾਵਾਂ ਨਾਲ ਕੰਮ ਕੀਤਾ, ਜਿਸ ਵਿੱਚ ਸੰਜੇ ਲੀਲਾ ਭੰਸਾਲੀ, ਵਿਧੂ ਵਿਨੋਦ ਚੋਪੜਾ, ਰਾਜਕੁਮਾਰ ਹਿਰਾਨੀ, ਆਸ਼ੂਤੋਸ਼ ਗੋਵਾਰੀਕਰ ਵਰਗੇ ਵੱਡੇ ਨਾਮ ਸ਼ਾਮਲ ਹਨ।