ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਇਸ ਸਮਾਗਮ ਮਾਨਸਾ ਦੀ ਅਨਾਜ ਮੰਡੀ ਵਿਖੇ ਰੱਖਿਆ ਗਿਆ ਹੈ। ਜਿਥੇ ਲੋਕਾਂ ਵਲੋਂ ਵੱਧ-ਚੜ੍ਹ ਕੇ ਸ਼ਿਰਕਤ ਕੀਤੀ ਜਾ ਰਹੀ ਹੈ ਅਤੇ ਪੰਜਾਬ ਕਾਂਗਰਸ ਦੇ ਕਈ ਸਿਆਸੀ ਲੀਡਰ ਅਤੇ ਪੰਜਾਬੀ ਗਾਇਕ, ਮੂਸੇਵਾਲਾ ਦੀ ਪਹਿਲੀ ਬਰਸੀ ਵਿਚ ਸ਼ਮੂਲੀਅਤ ਕਰ ਰਹੇ ਹਨ। ਇਸ ਮੌਕੇ ’ਤੇ ਪੰਡਾਲ ’ਚ ਸਿੱਧੂ ਮੂਸੇ ਵਾਲਾ ਦੇ ਕਤਲ ਦੌਰਾਨ ਛਲਣੀ ਹੋਈ ਥਾਰ ਤੇ ਉਸ ਦਾ 5911 ਟਰੈਕਟਰ ਵੀ ਲਿਆਂਦਾ ਗਿਆ। ਉਥੇ ਹੀ ਬਰਸੀ ਸਮਾਗਮ ’ਚ ਸਿੱਧੂ ਮੂਸੇ ਵਾਲਾ ਦਾ ਨਵਾਂ ਬੁੱਤ ਪਿਤਾ ਬਲਕੌਰ ਸਿੰਘ ਵਲੋਂ ਲੋਕਾਂ ਸਾਹਮਣੇ ਲਿਆਂਦਾ ਗਿਆ। ਇਸ ਦੌਰਾਨ ਬਲਕੌਰ ਸਿੰਘ ਨੇ ਜਿਥੇ ਸਿੱਧੂ ਮੂਸੇ ਵਾਲਾ ਦੇ ਬੁੱਤ ਨਾਲ ਜੱਫੀ ਪਾਈ, ਉਥੇ ਮੁੱਛ ਨੂੰ ਵੱਟ ਵੀ ਦਿੱਤਾ। ਦੱਸ ਦੇਈਏ ਕਿ ਇਸ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਪਹਿਲੀ ਬਰਸੀ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਨੁਸਾਰ ਇਸ ਮਾਮਲੇ ‘ਚ 29 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਦਕਿ ਦੋ ਮੁਲਜ਼ਮ ਮੁਕਾਬਲੇ ‘ਚ ਮਾਰੇ ਗਏ ਸਨ ਅਤੇ ਪੰਜ ਨੂੰ ਭਾਰਤ ਤੋਂ ਬਾਹਰੋਂ ਲਿਆਂਦਾ ਜਾਣਾ ਹੈ, ਜਿਸ ਲਈ ਸੂਬਾ ਸਰਕਾਰ ਕੇਂਦਰ ਤੇ ਹੋਰ ਏਜੰਸੀਆਂ ਨਾਲ ਸੰਪਰਕ ‘ਚ ਹੈ ਅਤੇ ਹਾਲ ਹੀ ਵਿੱਚ ਜੇਲ੍ਹ ਤੋਂ ਦਿੱਤੇ ਇੱਕ ਇੰਟਰਵਿਊ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਗੋਲਡੀ ਬਰਾੜ ਨੇ ਕੀਤਾ ਸੀ। ਬਿਸ਼ਨੋਈ ਨੇ ਕਿਹਾ ਕਿ ਜਦੋਂ ਮੂਸੇਵਾਲਾ ਕੋਲ ਸਰਕਾਰੀ ਸੁਰੱਖਿਆ ਸੀ ਉਦੋਂ ਤੱਕ ਉਸਨੂੰ ਨਹੀਂ ਮਾਰ ਸਕੇ ਪਰ ਜਦੋਂ ਹੀ ਮੂਸੇਵਾਲਾ ਦੀ ਸਕਿਓਰਿਟੀ ਘਟਾਈ ਗਈ ਤਾਂ ਉਸ ਨੂੰ ਮਾਰ ਦਿੱਤਾ।