ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਜਿਨਸੀ ਸੋਸ਼ਣ ਅਤੇ ਡਰਾਉਣ-ਧਮਕਾਉਣ ਦੇ ਇਲਜ਼ਾਮ ਲੱਗੇ ਹਨ। ਜਿਸ ਤੋਂ ਬਾਅਦ ਉਹਨਾਂ ਖਿਲਾਫ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਵਲੋਂ ਧਰਨਾ ਲਗਾਇਆ ਗਿਆ ਹੈ। ਇਸ ਦੌਰਾਨ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਣ ਵਾਲੀਆਂ ਸਾਰੀਆਂ 7 ਮਹਿਲਾ ਪਹਿਲਵਾਨਾਂ ਨੂੰ ਦਿੱਲੀ ਪੁਲਸ ਨੇ ਸੁਰੱਖਿਆ ਮੁਹੱਈਆ ਕਰਵਾਈ ਹੈ। ਸੁਪਰੀਮ ਕੋਰਟ ਨੇ ਦਿੱਲੀ ਪੁਲਸ ਨੂੰ ਸਿੰਘ ’ਤੇ ਦੋਸ਼ ਲਾਉਣ ਵਾਲੀਆਂ ਪੀੜਤ ਮਹਿਲਾਵਾਂ ਨੂੰ ਉਚਿਤ ਸੁਰੱਖਿਆ ਮੁਹੱਈਆ ਕਰਾਉਣ ਲਈ ਕਿਹਾ ਸੀ। ਦਿੱਲੀ ਪੁਲਸ ਨੇ ਸਾਰੀਆਂ ਮਹਿਲਾ ਪਹਿਲਵਾਨਾਂ ਨੂੰ ਵੀ ਜਾਂਚ ’ਚ ਸ਼ਾਮਲ ਹੋਣ ਅਤੇ 161 ਸੀ. ਆਰ. ਪੀ. ਸੀ. ਦੇ ਤਹਿਤ ਆਪਣੇ ਬਿਆਨ ਦਰਜ ਕਰਨ ਲਈ ਬੁਲਾਇਆ ਹੈ, ਤਾਂ ਕਿ ਉਹ ਭਵਿੱਖ ਦੀ ਕਾਰਵਾਈ ਤੈਅ ਕਰ ਸਕਣ। ਸੂਤਰਾਂ ਨੇ ਦੱਸਿਆ ਕਿ ਇਕ-ਦੋ ਦਿਨ ’ਚ ਮਹਿਲਾ ਪਹਿਲਵਾਨ ਦਿੱਲੀ ਪੁਲਸ ਦੇ ਕਨਾਟ ਪਲੇਸ ਪੁਲਸ ਥਾਣੇ ਆ ਕੇ ਆਪਣਾ ਬਿਆਨ ਦਰਜ ਕਰਾ ਸਕਦੀਆਂ ਹਨ।
ਸ਼ਨੀਵਾਰ ਨੂੰ ਸਿੰਘ ਦੇ ਖਿਲਾਫ ਦਰਜ 2 ਐੱਫ. ਆਈ. ਆਰ. ’ਚੋਂ ਇਕ ਦੀ ਕਾਪੀ ਚੋਟੀ ਦੀਆਂ ਮਹਿਲਾ ਪਹਿਲਵਾਨਾਂ ਨੂੰ ਸੌਂਪੀ ਗਈ, ਜੋ ਇੱਥੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਰਹੀਆਂ ਹਨ। ਪੁਲਸ ਨੇ ਕਿਹਾ ਕਿ ਹਾਲਾਂਕਿ, ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਹਿਫਾਜ਼ਤ (ਪੋਕਸੋ) ਕਾਨੂੰਨ ਦੇ ਤਹਿਤ ਦਰਜ ਕੇਸ ਦੀ ਕਾਪੀ ਪਹਿਲਵਾਨਾਂ ਨੂੰ ਨਹੀਂ ਦਿੱਤੀ ਗਈ ਹੈ, ਇਸ ਨੂੰ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਇਕ ਉੱਚ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਛੇਤੀ ਹੀ ਪੀੜਤਾਂ ਦੇ ਬਿਆਨ ਦਰਜ ਕਰਨਗੇ। ਮਹਿਲਾ ਪਹਿਲਵਾਨਾਂ ਵੱਲੋਂ ਲਾਏ ਗਏ ਦੋਸ਼ਾਂ ਦੇ ਜਵਾਬ ’ਚ ਪੁਲਸ ਨੇ ਸ਼ੁੱਕਰਵਾਰ ਸ਼ਾਮ ਨੂੰ ਡਬਲਿਊ. ਐੱਫ. ਆਈ. ਪ੍ਰਧਾਨ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਸੀ।