“ਪਹਿਲਾਂ ਪਹਿਲਵਾਨਾਂ ਦੀ ਕੁਝ ਹੋਰ ਮੰਗ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਕੁਝ ਹੋਰ ਮੰਗ ਰੱਖੀ, ਉਹ ਲਗਾਤਾਰ ਆਪਣੀਆਂ ਮੰਗਾਂ ਬਦਲ ਰਹੇ ਹਨ। ਮੈਂ ਕਿਹਾ ਸੀ ਕਿ ਜੇਕਰ ਇੱਕ ਕੇਸ ਵੀ ਮੇਰੇ ਖਿਲਾਫ ਸਾਬਤ ਹੋਇਆ ਤਾਂ ਮੈਂ ਖੁਦ ਨੂੰ ਫਾਂਸੀ ਲਾ ਲਵਾਂਗਾ।” ਇਹ ਕਹਿਣਾ ਹੈ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸ਼ਰਣ ਸਿੰਘ ਦਾ ਜੋ ਮਹਿਲਾ ਪਹਿਲਵਾਨਾਂ ਵਲੋਂ ਲਗਾਏ ਜਿਨਸੀ ਸੋਸ਼ਣ ਅਤੇ ਡਰਾਉਣ-ਧਮਕਾਉਣ ਦੇ ਦੋਸ਼ਾਂ ਦਾ ਸਾਹਮਣੇ ਕਰ ਰਹੇ ਹਨ।
ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਕਿ ਗੰਗਾ ‘ਚ ਮੈਡਲ ਸੁੱਟਣ ‘ਤੇ ਮੈਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਇਕ ਵਾਰ ਫਿਰ ਦੁਹਰਾਇਆ ਕਿ ਜੇਕਰ ਮੇਰੇ ‘ਤੇ ਇਕ ਵੀ ਦੋਸ਼ ਸਾਬਤ ਹੋ ਗਿਆ ਤਾਂ ਮੈਂ ਖੁਦ ਨੂੰ ਫਾਂਸੀ ‘ਤੇ ਲਟਕਾ ਲਵਾਂਗਾ।
ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਮੈਂ ਲਗਾਤਾਰ ਪੁੱਛ ਰਿਹਾ ਹਾਂ ਕਿ ਇਹ ਸਭ ਕਦੋਂ, ਕਿੱਥੇ ਅਤੇ ਕਿਸ ਨਾਲ ਹੋਇਆ। ਚਾਰ ਮਹੀਨੇ ਬੀਤ ਗਏ ਹਨ, ਮੇਰੇ ‘ਤੇ ਦੋਸ਼ ਲੱਗੇ ਹਨ, ਪਰ ਮੇਰੇ ਖਿਲਾਫ ਇਕ ਵੀ ਸਬੂਤ ਨਹੀਂ ਦਿੱਤਾ ਗਿਆ ਹੈ। ਅੱਜ ਵੀ ਮੈਂ ਕਹਿ ਰਿਹਾ ਹਾਂ ਕਿ ਜੇਕਰ ਇੱਕ ਵੀ ਇਲਜ਼ਾਮ ਸਾਬਤ ਹੋ ਗਿਆ ਤਾਂ ਮੈਂ ਫਾਂਸੀ ਲਗਾ ਲਵਾਂਗਾ।
ਇਸ ਦੌਰਾਨ ਯੂਨਾਈਟਿਡ ਵਰਲਡ ਰੈਸਲਿੰਗ ਨੇ ਭਾਰਤੀ ਕੁਸ਼ਤੀ ਮਹਾਸੰਘ ਨੂੰ ਬਰਖਾਸਤ ਕਰਨ ਦੀ ਧਮਕੀ ਦਿੱਤੀ ਹੈ, ਜਿਸ ‘ਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੈ, ਸਰਕਾਰ ਇਸ ਦਾ ਜਵਾਬ ਦੇਵੇਗੀ।