ਲੁਧਿਆਣਾ ਵਿਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਚੋਰ ਜਿਥੇ ਪਹਿਲਾਂ ਸਿਰਫ਼ ਆਮ ਘਰਾਂ ਨੂੰ ਨਿਸ਼ਾਨਾ ਬਣਾਉਦੇ ਸੀ ਉਥੇ ਹੀ ਹੁਣ Y+ ਸ਼੍ਰੇਣੀ ਦੀ ਸੁਰੱਖਿਆ ਲੈਣ ਵਾਲੇ ਘਰ ਵੀ ਸੁਰੱਖਿਅਤ ਨਹੀਂ ਹਨ। ਦਸ ਦਈਏ ਕਿ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਦੇ ਘਰ ਚੋਰਾਂ ਨੇ ਹੱਥ ਸਾਫ਼ ਕੀਤੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੂੰ Y+ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਹੈ ਅਤੇ ਸੁਰੱਖਿਆ ਜਵਾਨ ਹਰ ਸਮੇਂ ਉਹਨਾਂ ਦੇ ਘਰ ਬਾਹਰ ਤਾਇਨਾਤ ਰਹਿੰਦੇ ਹਨ। ਪਰ ਇਸਦੇ ਬਾਵਜੂਦ ਉਹਨਾਂ ਦੇ ਘਰ ਚੋਰੀ ਹੋ ਗਈ ਹੈ। ਸੀਸੀਟੀਵੀ ‘ਚ ਕੈਦ ਹੋਇਆ ਚੋਰ 2 ਮੋਬਾਈਲ ਫੋਨ, ਏਟੀਐਮ ਕਾਰਡ ਅਤੇ ਹੋਰ ਸਮਾਨ ‘ਤੇ ਹੱਥ ਸਾਫ ਕਰ ਗਿਆ।
ਇਸ ਸਬੰਧੀ ਪੁਲੀਸ ਨੇ ਜੀਵਨ ਗੁਪਤਾ ਦੇ ਭਰਾ ਰਾਜੇਸ਼ ਕੁਮਾਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਥਾਣਾ ਡਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ। ਮੁਲਜ਼ਮਾਂ ਨੇ ਭਾਜਪਾ ਆਗੂ ਜੀਵਨ ਗੁਪਤਾ ਦੇ ਘਰੋਂ 2 ਮੋਬਾਈਲ ਫੋਨ, ਏਟੀਐਮ ਕਾਰਡ ਅਤੇ ਹੋਰ ਸਮਾਨ ਚੋਰੀ ਕਰ ਲਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੁਣ ਸਵਾਲ ਇਹ ਹੈ ਕਿ ਜੇਕਰ ਆਗੂ ਨੂੰ ਸੁੱਰਖਿਆ ਮਿਲੀ ਸੀ ਤਾਂ ਉਸ ਵੇਲੇ ਸੁਰੱਖਿਆ ਕਰਮੀ ਕਿੱਥੇ ਸਨ। ਜੇਕਰ ਸੁਰੱਖਿਆ ਕਰਮੀ ਮੌਜੂਦ ਵੀ ਸਨ ਤਾਂ ਚੋਰ ਬੇਪਰਵਾਹ ਹੋ ਕੇ ਵਾਰਦਾਤ ਕਿਵੇਂ ਕਰ ਗਿਆ।