ਮਹਾਰਾਸ਼ਟਰ ਵਿੱਚ ਸਿਆਸੀ ਘਟਨਾਕ੍ਰਮ ਤੇਜ਼ੀ ਨਾਲ ਬਦਲ ਰਿਹਾ ਹੈ। ਐਤਵਾਰ ਨੂੰ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ‘ਚ ਬਗਾਵਤ ਤੋਂ ਬਾਅਦ, ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਆਪਣੇ ਸਮਰਥਕ ਵਿਧਾਇਕਾਂ ਦੇ ਨਾਲ ਐੱਨਡੀਏ ਸਰਕਾਰ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਵੀ ਚੁੱਕੀ। ਇਸ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਅਜੀਤ ਪਵਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਕਾਰਨ ਤਿੰਨ ਆਗੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਬਾਗ਼ੀ ਅਜੀਤ ਪਵਾਰ ਦਾ ਸਮਰਥਨ ਕਰਨ ਵਾਲਿਆਂ ਲਈ ਐੱਨਸੀਪੀ ਦੀ ਕਾਰਵਾਈ ਨੂੰ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ। ਐਨਸੀਪੀ ਵਿੱਚੋਂ ਕੱਢੇ ਗਏ ਆਗੂਆਂ ਵਿੱਚ ਮੁੰਬਈ ਡਿਵੀਜ਼ਨ ਦੇ ਮੁਖੀ ਨਰਿੰਦਰ ਰਾਠੌਰ, ਅਕੋਲਾ ਸ਼ਹਿਰ ਦੇ ਜ਼ਿਲ੍ਹਾ ਮੁਖੀ ਵਿਜੇ ਦੇਸ਼ਮੁਖ ਅਤੇ ਰਾਜ ਮੰਤਰੀ ਸ਼ਿਵਾਜੀਰਾਓ ਗਰਜੇ ਸ਼ਾਮਲ ਹਨ। ਤਿੰਨੋਂ ਅਜੀਤ ਪਵਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ ਸੀ।
ਇਸ ਦੌਰਾਨ ਸ਼ਰਦ ਪਵਾਰ ਨੇ ਗੁਰੂ ਪੂਰਨਿਮਾ ਦੇ ਦਿਨ ਸੋਮਵਾਰ ਨੂੰ ਸਤਾਰਾ ਦੇ ਕਰਾਡ ਵਿਖੇ ਆਪਣੇ ਗੁਰੂ ਸਾਬਕਾ ਮੁੱਖ ਮੰਤਰੀ ਯਸ਼ਵੰਤ ਰਾਓ ਚਵਾਨ ਦੀ ਸਮਾਧੀ ‘ਤੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਭਰ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗ ਰਹੀ ਹੈ। ਮਹਾਰਾਸ਼ਟਰ ਵਿੱਚ ਵੀ ਅਜਿਹਾ ਹੀ ਹੋਇਆ ਹੈ। ਮਹਾਰਾਸ਼ਟਰ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਆਪਣੀ ਤਾਕਤ ਦਿਖਾਉਣੀ ਪਵੇਗੀ। ਉਨ੍ਹਾਂ ਕਿਹਾ, ‘ਮਹਾਰਾਸ਼ਟਰ ਵਿੱਚ ਜਾਤੀਵਾਦ ਦੀ ਰਾਜਨੀਤੀ ਨਹੀਂ ਚੱਲੇਗੀ। ਸਾਡੇ ਕੁਝ ਲੋਕ ਭਾਜਪਾ ਦਾ ਸ਼ਿਕਾਰ ਹੋ ਗਏ। ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਨਵੀਂ ਸ਼ੁਰੂਆਤ ਕਰਾਂਗੇ।
ਇਸ ਦੇ ਨਾਲ ਹੀ ਅਜੀਤ ਪਵਾਰ ਅਤੇ 8 ਹੋਰ ਵਿਧਾਇਕਾਂ ਦੇ ਬਗਾਵਤ ਤੋਂ ਬਾਅਦ ਐੱਨਸੀਪੀ ਨੇ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਅਤੇ ਚੋਣ ਕਮਿਸ਼ਨ ਨੂੰ ਸਾਰੇ ਬਾਗੀਆਂ ਨੂੰ ਅਯੋਗ ਕਰਾਰ ਦੇਣ ਲਈ ਪੱਤਰ ਲਿਖਿਆ ਹੈ। ਕਿਹਾ ਗਿਆ ਹੈ ਕਿ ਪਾਰਟੀ ਦੀ ਕਮਾਨ ਸ਼ਰਦ ਪਵਾਰ ਕੋਲ ਹੈ। ਸ਼ਰਦ ਨੇ 1999 ਵਿੱਚ ਪਾਰਟੀ ਦੀ ਸਥਾਪਨਾ ਕੀਤੀ ਸੀ।