ਮਹਿਲਾ ਪੈਰੋਕਾਰ ਨਾਲ ਜਬਰ-ਜ਼ਿਨਾਹ ਕਰਨ ਦੇ ਜ਼ੁਰਮ ਵਿਚ ਅਦਾਲਤ ਵਲੋਂ ਅਹਿਮ ਫੈਸਲਾ ਲੈਂਦਿਆ ਆਸਾਰਾਮ ਬਾਪੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਗੁਜਰਾਤ ਦੇ ਗਾਂਧੀਨਗਰ ਸਥਿਤ ਸੈਸ਼ਨ ਕੋਰਟ ਨੇ ਮੰਗਲਵਾਰ ਯਾਨੀ ਕਿ ਅੱਜ ਆਸਾਰਾਮ ਬਾਪੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੈਸ਼ਨ ਕੋਰਟ ਦੇ ਜੱਜ ਡੀ. ਕੇ. ਸੋਨੀ ਨੇ ਸਾਲ 2013 ‘ਚ ਦਰਜ ਇਸ ਜਬਰ-ਜ਼ਿਨਾਹ ਕੇਸ ‘ਚ ਆਸਾਰਾਮ ਨੂੰ ਸਜ਼ਾ ਸੁਣਾਈ ਹੈ।
ਉੱਥੇ ਹੀ ਪੀੜਤਾ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਵਿਚ ਸੋਮਵਾਰ ਯਾਨੀ ਕਿ ਕੱਲ ਦੋਸ਼ੀ ਠਹਿਰਾਇਆ ਸੀ। ਜਦਕਿ ਆਸਾਰਾਮ ਦੀ ਪਤਨੀ ਸਮੇਤ 6 ਹੋਰ ਲੋਕਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ। ਇਹ 81 ਸਾਲਾ ਬਜ਼ੁਰਗ 2013 ਵਿਚ ਰਾਜਸਥਾਨ ‘ਚ ਆਪਣੇ ਆਸ਼ਰਮ ‘ਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਜੋਧਪੁਰ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਅਕਤੂਬਰ 2013 ’ਚ ਸੂਰਤ ਦੀ ਇਕ ਔਰਤ ਨੇ ਆਸਾਰਾਮ ਅਤੇ 7 ਹੋਰਾਂ ’ਤੇ ਜਬਰ-ਜ਼ਿਨਾਹ ਅਤੇ ਨਾਜਾਇਜ਼ ਤੌਰ ’ਤੇ ਨਜ਼ਰਬੰਦ ਰੱਖਣ ਦਾ ਦੋਸ਼ ਲਾਉਂਦਿਆਂ ਮਾਮਲਾ ਦਰਜ ਕਰਵਾਇਆ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਇਕ ਮੁਲਜ਼ਮ ਦੀ ਮੌਤ ਹੋ ਗਈ। ਇਸ ਮਾਮਲੇ ’ਚ ਜੁਲਾਈ 2014 ’ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।