ਗੁਰਬਾਣੀ ਟੈਲੀਕਾਸਟ ਤੋਂ ਇਲਾਵਾ ਪੰਜਾਬ ਕੈਬਨਿਟ ‘ਚ ਦੀ ਹੋਈ ਅਹਿਮ ਮੀਟਿੰਗ ਦੌਰਾਨ ਕਈ ਹੋਰ ਅਹਿਮ ਫੈਸਲੇ ਲਏ ਗਏ ਜਿਸ ਵਿਚ ਮੁੱਖ ਮੰਤਰੀ ਮਾਨ ਨੇ ਜਾਣਕਾਰੀ ਦਿੱਤੀ ਕਿ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ। ਇਸਦੇ ਨਾਲ ਹੀ ਉਹਨਾਂ ਐਲਾਨ ਕੀਤਾ ਕਿ ਸਹਾਇਕ ਪ੍ਰੋਫੈਸਰ ਦੀ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੀ.ਐਮ. ਮਾਨ ਨੇ ਐਲਾਨ ਕੀਤਾ ਕਿ ਬਲੱਡ ਰਿਲੇਸ਼ਨ ਯਾਨੀ ਜਿਸ ਨਾਲ ਖੂਨ ਦਾ ਰਿਸ਼ਤਾ ਹੈ ਉਸ ਲਈ ਪਾਵਰ ਆਫ ਆਟਰਨੀ ਫ੍ਰੀ ਹੋਵੇਗੀ ਜਦਕਿ ਬਾਕੀਆਂ 2% ਫੀਸ ਲੱਗੇਗੀ।
ਦਸ ਦਈਏ ਕਿ ਕੈਬਨਿਟ ਮੀਟਿੰਗ ਦੌਰਾਨ ਗੁਰਬਾਣੀ ਪ੍ਰਸਾਰਣ ਨੂੰ ਲੈਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹ ਗੁਰਦੁਆਰਾ ਐਕਟ 1925 ‘ਚ ਕੋਈ ਸੋਧ ਨਹੀਂ ਕਰ ਰਿਹਾ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖ ਗੁਰਦੁਆਰਾ ਐਕਟ ਸੋਧ ਬਿੱਲ, 2023 ਲਿਆਉਣ ਜਾ ਰਹੀ ਹੈ। ਜਿਸ ਵਿਚ ਇਹ ਸਾਫ ਆਖਿਆ ਗਿਆ ਹੈ ਕਿ ਮਨੁੱਖਤਾ ਦੀ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਪ੍ਰਸਾਰਣ ਜਨਤਾ ਲਈ ਪੂਰੀ ਤਰ੍ਹਾਂ ਮੁਫਤ ਉਪਲੱਬਧ ਹੋਵੇਗਾ।
ਇਹ ਐਕਟ ਇਹ ਕਹਿੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਨਿਸ਼ਚਿਤ ਕਰੇ ਕਿ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਸਭਨਾਂ ਲਈ ਫ੍ਰੀ ਹੋਵੇ। ਇਸ ਐਕਟ ਤਹਿਤ ਗੁਰਬਾਣੀ ਦੇ ਪ੍ਰਸਾਰਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਅੱਧਾ ਘੰਟਾ ਬਾਅਦ ਵਿਚ ਕੋਈ ਕਮਰਸ਼ੀਅਲ ਐਡ ਚੈਨਲ ’ਤੇ ਨਹੀਂ ਆਵੇਗੀ ਅਤੇ ਨਾ ਹੋਈ ਕੋਈ ਸਕ੍ਰੀਨ ’ਤੇ ਹੇਠਾਂ ਕੋਈ ਰਨਿੰਗ ਐਡ ਚੱਲੇਗੀ। ਜੇ ਕਿਸੇ ਨੇ ਇਹ ਨਿਯਮ ਤੋੜਿਆ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਗੁਰਬਾਣੀ ਨੂੰ ਰੇਡੀਓ ’ਤੇ ਵੀ ਲੈ ਕੇ ਆਵਾਂਗੇ। ਕੈਨੇਡਾ-ਅਮਰੀਕਾ ਵਿਚ ਟਰੱਕ ਡਰਾਈਵਰ ਰੇਡੀਓ ’ਤੇ ਵੀ ਗੁਰਬਾਣੀ ਸੁਣ ਸਕਣਗੇ। ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਦਾ ਹੱਕ ਕਿਸੇ ਇਕ ਚੈਨਲ ਕੋਲ ਨਾ ਹੋ ਕੇ ਸਗੋਂ ਸਾਰਿਆਂ ਚੈਨਲਾਂ ਕੋਲ ਹੋਵੇਗਾ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਵੱਡਾ ਹਮਲਾ ਬੋਲਦਿਆਂ ਮਾਨ ਨੇ ਕਿਹਾ ਕਿ ਇਹ ਧਰਮ ਦੇ ਠੇਕੇਦਾਰ ਬਣੇ ਫਿਰਦੇ ਹਨ, ਕਦੇ ਕਿਸੇ ਜਥੇਦਾਰ ਨੂੰ ਲਾਹ ਦਿੱਤਾ ਜਾਂਦਾ ਹੈ ਕਦੇ ਕਿਸੇ ਨੂੰ। ਧਰਮ ’ਤੇ ਇਸ ਤੋਂ ਵੱਡਾ ਹਮਲਾ ਹੋਰ ਕੀ ਹੋ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪਵਿੱਤਰ ਗੁਰਬਾਣੀ ਨੂੰ ਵੇਚਣ ਵਾਲੇ ਇਹ ਮਾਡਰਨ ਮਸੰਦ ਹਨ, ਜਿਨ੍ਹਾਂ ਤੋਂ ਗੁਰਬਾਣੀ ਨੂੰ ਛੁਡਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਹਰਿਆਣਾ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਰਹੀ ਸੀ ਤਾਂ ਉਸ ਸਮੇਂ ਐੱਸ. ਜੀ. ਪੀ. ਸੀ. ਨੇ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕੀਤੀ, ਜਿਸ ’ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਟੇਟ ਐਕਟ ਹੈ ਕੋਈ ਵੀ ਸਟੇਟ ਕਮੇਟੀ ਬਣਾ ਸਕਦੀ ਹੈ। ਜਦਕਿ ਹੁਣ ਆਖਿਆ ਜਾ ਰਿਹਾ ਹੈ ਕਿ ਗੁਰਦੁਆਰਾ ਐਕਟ ਸੈਂਟਰ ਸਰਕਾਰ ਦੇ ਅਧੀਨ ਹੈ।