ਪੰਜਾਬ ਦੇ ਵਿਚ ਇਕ ਵਾਰ ਫਿਰ ਤੋਂ ਅਫ਼ੀਮ ਦੀ ਖੇਤੀ ਦੀ ਮੰਗ ਉੱਠਣ ਲੱਗੀ ਹੈ ਅਤੇ ਇਹ ਮੰਗ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਨੇ ਚੁੱਕੀ ਹੈ। ਉਹ ਪਹਿਲਾਂ ਵੀ ਇੱਕ ਵਾਰ ਇਸ ਦਾ ਸਮਰਥਨ ਕਰ ਚੁੱਕੇ ਹਨ ਅਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਡਾ: ਨਵਜੋਤ ਕੌਰ ਨੇ ਵੀ ਇਸ ਦੀ ਮੰਗ ਕੀਤੀ ਸੀ।
ਡਾ: ਨਵਜੋਤ ਕੌਰ ਨੇ ਟਵੀਟ ਕੀਤਾ ਹੈ ਕਿ “ਅਫੀਮ ਦੀ ਖੇਤੀ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ। ਇਹ ਇੱਕੋ ਇਕ ਤਰੀਕਾ ਹੈ ਜਿਸ ਰਾਹੀਂ ਅਸੀਂ ਆਪਣੇ ਕਿਸਾਨਾਂ ਦੀ ਮਦਦ ਕਰ ਸਕਦੇ ਹਾਂ ਅਤੇ ਸਾਡੀ ਸਰਕਾਰ ਵਿਦੇਸ਼ਾਂ ਨੂੰ ਨਿਰਯਾਤ ਕਰਕੇ ਇਸ ਖੇਤੀ ਤੋਂ ਚੰਗਾ ਮਾਲੀਆ ਪ੍ਰਾਪਤ ਕਰ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਨੂੰ ਸਿੰਥੈਟਿਕ ਨਸ਼ਿਆਂ ਤੋਂ ਵੀ ਛੁਟਕਾਰਾ ਮਿਲੇਗਾ।”
ਦਸ ਦਈਏ ਕਿ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕੇਂਦਰ ਨੂੰ ਚਿੱਠੀ ਲਿਖ ਕੇ ਸੂਬੇ ‘ਚ ਅਫੀਮ ਦੀ ਖੇਤੀ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਸੂਬੇ ਦੇ ਲੋਕ ਇਸ ਤੋਂ ਤਿਆਰ ਪਕਵਾਨਾਂ ਦਾ ਆਨੰਦ ਲੈ ਸਕਣ। ਮਮਤਾ ਬੈਨਰਜੀ ਨੇ ਵਿਧਾਨ ਸਭਾ ‘ਚ ਕਿਹਾ ਕਿ ‘ਪੋਸਤੋ’ ਜਾਂ ਭੁੱਕੀ ਮਹਿੰਗੀ ਹੈ, ਕਿਉਂਕਿ ਇਸ ਦੀ ਖੇਤੀ ਸਿਰਫ਼ ਕੁਝ ਸੂਬਿਆਂ ‘ਚ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਹੁਣ ਨਵਜੋਤ ਕੌਰ ਸਿੱਧੂ ਵਲੋਂ ਪੰਜਾਬ ਸਰਕਾਰ ਤੋਂ ਵੀ ਅਫ਼ੀਮ ਦੀ ਖੇਤੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਦਸਣਾ ਬਣਦਾ ਹੈ ਕਿ ਅਫੀਮ ਦੀ ਖੇਤੀ ਦੀ ਮੰਗ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਚੁੱਕੀ ਸੀ। ਜਿਸ ਦੇ ਸਮਰਥਨ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਏ ਸਨ। ਉਦੋਂ ਡਾ.ਨਵਜੋਤ ਕੌਰ ਨੇ ਪੰਜਾਬ ਵਿੱਚ ਅਫੀਮ ਦੀ ਖੇਤੀ ਕਰਨ ਅਤੇ ਨਸ਼ੇੜੀਆਂ ਨੂੰ ਅਫੀਮ, ਬਦਲ ਦੇ ਰੂਪ ਵਜੋਂ ਦੇਣ ਦੀ ਗੱਲ ਕੀਤੀ ਸੀ। ਇੰਨਾ ਹੀ ਨਹੀਂ ਭਾਜਪਾ-ਅਕਾਲੀ ਸਰਕਾਰ ਦੌਰਾਨ ਸਿਹਤ ਮੰਤਰੀ ਰਹੇ ਸੁਰਜੀਤ ਕੁਮਾਰ ਜਿਆਣੀ ਨੇ ਵੀ ਇਹ ਮੰਗ ਕੀਤੀ ਹੈ। ਡਾਕਟਰ ਨਵਜੋਤ ਕੌਰ ਪੇਸ਼ੇ ਤੋਂ ਡਾਕਟਰ ਹਨ। ਉਹ ਭਲੀ ਭਾਂਤ ਜਾਣਦੀ ਹੈ ਕਿ ਦੇਸ਼ ਦੇ ਨੌਜਵਾਨਾਂ ਨੇ ਹੈਰੋਇਨ ਦੇ ਨਸ਼ੇ ਵਿੱਚ ਆਪਣੀ ਜਵਾਨੀ ਬਰਬਾਦ ਕਰ ਦਿੱਤੀ ਹੈ। ਜਿਵੇਂ ਜ਼ਹਿਰ., ਜ਼ਹਿਰ ਨੂੰ ਕੱਟਦਾ ਹੈ, ਉਸੇ ਤਰ੍ਹਾਂ ਨਸ਼ਾ, ਨਸ਼ੇ ਨੂੰ ਕੱਟਦਾ ਹੈ। ਦਵਾਈ ਲੈਣ ਵਾਲੇ ਨੌਜਵਾਨ ਨਸ਼ੇ ਤੋਂ ਦੂਰ ਰਹਿੰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਦਵਾਈ ਦਿੱਤੀ ਜਾਂਦੀ ਹੈ। ਜਦੋਂ ਉਨ੍ਹਾਂ ਨੂੰ ਦਵਾਈ ਨਹੀਂ ਮਿਲਦੀ, ਉਹ ਦੁਬਾਰਾ ਨਸ਼ੇ ਕਰਨ ਲੱਗ ਪੈਂਦੇ ਹਨ। ਅਜਿਹੇ ‘ਚ ਜੇਕਰ ਇਨ੍ਹਾਂ ਨੂੰ ਅਫੀਮ, ਬਦਲ ਦੇ ਰੂਪ ਵਜੋਂ ਦਿੱਤਾ ਜਾਣਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਇਹ ਸਰੀਰ ਨੂੰ ਜ਼ਿਆਦਾ ਖਰਾਬ ਨਹੀਂ ਕਰੇਗਾ। ਇਸ ਦੇ ਨਾਲ ਹੀ ਨੌਜਵਾਨ ਅਫੀਮ ਤੋਂ ਬਾਅਦ ਹੈਰੋਇਨ ਵੱਲ ਨਹੀਂ ਮੁੜਨਗੇ।