ਨਕੋਦਰ ਵਿਖੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ਼ ਟਿੰਮੀ ਚਾਵਲਾ ਦੇ ਕਤਲ ਮਾਮਲੇ ‘ਚ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਇਸ ਕਤਲਕਾਂਡ ਨੂੰ ਹੱਲ ਕਰਦਿਆਂ ਪੁਲਿਸ ਵਲੋਂ 3 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਟਿੰਮੀ ਚਾਵਲਾ ਨੂੰ ਫ਼ਿਰੌਤੀ ਦੀ ਕਾਲ ਆਈ ਸੀ। ਇਸ ਤੋਂ ਬਾਅਦ ਭੁਪਿੰਦਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਕਤਲਕਾਂਡ ਦੀ ਸਾਜ਼ਿਸ਼ ਅਮਰੀਕਾ ‘ਚ ਰਚੀ ਗਈ ਸੀ। ਡੀ. ਜੀ. ਪੀ. ਨੇ ਦੱਸਿਆ ਕਿ 2 ਮੋਟਰਸਾਈਕਲਾਂ ‘ਤੇ ਕੁੱਲ 5 ਸ਼ੂਟਰ ਆਏ ਸਨ ਅਤੇ ਗੋਲੀਆਂ ਚਲਾਈਆਂ ਸਨ। ਡੀ. ਜੀ. ਪੀ. ਨੇ ਦੱਸਿਆ ਕਿ ਇਸ ਦੌਰਾਨ ਭੁਪਿੰਦਰ ਸਿੰਘ ਦੇ ਗੰਨਮੈਨ ਨੇ ਜਵਾਬੀ ਫਾਇਰਿੰਗ ਕੀਤੀ ਸੀ ਇਸ ਘਟਨਾ ਦੌਰਾਨ ਭੁਪਿੰਦਰ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਗੰਨਮੈਨ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਤਲਕਾਂਡ ਦੌਰਾਨ ਇਸਤੇਮਾਲ ਕੀਤੀ ਗਈ ਇਕ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਤਿੰਨੇ ਸ਼ੂਟਰ ਬਠਿੰਡਾ ਦੇ ਰਹਿਣ ਵਾਲੇ ਹਨ ਅਤੇ ਤਿੰਨਾਂ ਦੀ ਉਮਰ 18-20 ਸਾਲ ਦੇ ਵਿਚਕਾਰ ਹੈ।