ਖਾਲਿਸਤਾਨੀ ਸਮਰਥਕਾਂ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸੁਲੇਟ ਨੂੰ ਅੱਗ ਲਗਾ ਦਿੱਤੀ। ਹਾਲਾਂਕਿ, ਅੱਗ ਨਾਲ ਕੋਈ ਜ਼ਖਮੀ ਨਹੀਂ ਹੋਇਆ ਅਤੇ ਇਸ ‘ਤੇ ਤੁਰੰਤ ਕਾਬੂ ਪਾ ਲਿਆ ਗਿਆ। ਅਮਰੀਕੀ ਸਰਕਾਰ ਨੇ ਇਸ ਪੂਰੀ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਕਾਰਵਾਈ ਦੀ ਗੱਲ ਕਹੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹ ਸੈਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ‘ਚ ਅੱਗ ਲੱਗਣ ਵਾਲੀ ਘਟਨਾ ਦੀ ਸਖਤ ਨਿੰਦਾ ਕਰਦਾ ਹੈ। ਅਮਰੀਕਾ ਵਿੱਚ ਵਿਦੇਸ਼ੀ ਡਿਪਲੋਮੈਟਾਂ ਜਾਂ ਦੂਤਾਵਾਸਾਂ ਵਿਰੁੱਧ ਭੰਨਤੋੜ ਜਾਂ ਹਿੰਸਾ ਇੱਕ ਅਪਰਾਧ ਹੈ।
ਦੂਜੇ ਪਾਸੇ ਖਾਲਿਸਤਾਨ ਸਮਰਥਕਾਂ ਨੇ ਕੈਨੇਡਾ ਵਿੱਚ ਦੋ ਭਾਰਤੀ ਡਿਪਲੋਮੈਟਾਂ ਦੀ ਤਸਵੀਰ ਜਾਰੀ ਕਰਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਖਾਲਿਸਤਾਨੀਆਂ ਨੇ ਉਹਨਾਂ ਨੂੰ ਖਾਲਿਸਤਾਨੀ ਅੱਤਵਾਦੀ ਦੀ ਹੱਤਿਆ ਲਈ ਜ਼ਿੰਮੇਵਾਰ ਠਹਿਰਾ ਕੇ ਧਮਕੀ ਦਿੱਤੀ ਹੈ। ਭਾਰਤ ਨੇ ਇਸ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਕਿ ਕਈ ਦੇਸ਼ਾਂ ‘ਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ। 8 ਜੁਲਾਈ ਨੂੰ ਖਾਲਿਸਤਾਨ ਦੇ ਸਮਰਥਕਾਂ ਨੇ ਫਿਰ ਤੋਂ ਵਿਰੋਧ ਦੀ ਗੱਲ ਕਹੀ ਹੈ।
ਦੱਸ ਦੇਈਏ ਕਿ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ‘ਚ ਭੰਨਤੋੜ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਦੀ ਸਖਤ ਨਿੰਦਾ ਕਰਦੇ ਹੋਏ ਅਮਰੀਕਾ ਨੇ ਇਸ ਨੂੰ ‘ਅਪਰਾਧਿਕ ਕਾਰਵਾਈ’ ਕਰਾਰ ਦਿੱਤਾ ਹੈ। ਖਾਲਿਸਤਾਨ ਸਮਰਥਕਾਂ ਨੇ 2 ਜੁਲਾਈ, 2023 ਨੂੰ ਟਵਿੱਟਰ ‘ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਹੋਏ ਦੇਖੇ ਜਾ ਸਕਦੇ ਹਨ। ਵੀਡੀਓ ਵਿੱਚ “ਹਿੰਸਾ ਨਾਲ ਹਿੰਸਾ ਦਾ ਜਨਮ ਹੁੰਦਾ ਹੈ” ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਖ਼ਬਰ ਵਿੱਚ ਕੈਨੇਡਾ ਸਥਿਤ ‘ਖਾਲਿਸਤਾਨ ਟਾਈਗਰ ਫੋਰਸ’ (ਕੇ.ਟੀ.ਐਫ.) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਮੌਤ ਨੂੰ ਵੀ ਦਰਸਾਇਆ ਗਿਆ ਹੈ।
ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀਆਂ ਵਿੱਚੋਂ ਇੱਕ ਨਿੱਝਰ ਨੂੰ ਪਿਛਲੇ ਮਹੀਨੇ ਕੈਨੇਡਾ ਦੇ ਇੱਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਉਸ ‘ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਇਹ ਵੀ ਦਸ ਦਈਏ ਕਿ ਕਰੀਬ 5 ਮਹੀਨਿਆਂ ਦੌਰਾਨ ਇਹ ਦੂਜੀ ਘਟਨਾ ਹੈ।