ਜਲੰਧਰ ਜ਼ਿਮਣੀ ਚੋਣ ਦਰਮਿਆਨ ਵਾਰ-ਪਲਟਵਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਲੀਡਰ ਚਰਨਜੀਤ ਸਿੰਘ ਚੰਨੀ ਵਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ‘ਤੇ ਇਹ ਇਲਜ਼ਾਮ ਲਗਾਏ ਗਏ ਸੀ ਕਿ 10 ਮਈ ਨੂੰ ਹੋਣ ਜਾ ਰਹੀ ਜਲੰਧਰ ਲੋਕ ਸਭਾ ਜ਼ਿਮਣੀ ਚੋਣ ਵਿਚ ‘ਆਪ’ ਬੂਥ ਕੈਪਚਰਿੰਗ ਕਰ ਸਕਦੀ ਹੈ। ਇਸ ਤੋਂ ਬਾਅਦ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜਲੰਧਰ ‘ਚ ਪ੍ਰੈਸ ਕਾਨਫਰੰਸ ਕਰਦੇ ਹੋਏ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਅਸੀਂ ਬੂਥ ਕੈਪਚਰਿੰਗ ਵਿਚ ਨਹੀਂ ਸਗੋਂ ਦਿਲ ਕੈਪਚਰਿੰਗ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ।
ਉਹਨਾਂ ਕਿਹਾ ਚਰਨਜੀਤ ਚੰਨੀ ਨੂੰ ਪਤਾ ਹੈ ਕਿ ਕਾਂਗਰਸ ਜਲੰਧਰ ਵਿਚ ਹਾਰ ਰਹੀ ਹੈ ਅਤੇ ਉਹ ਆਪਣੀ ਕੇਂਦਰੀ ਲੀਡਰਸ਼ਿਪ ਦੀਆਂ ਝਾੜਾਂ ਤੋਂ ਬਚਣ ਲਈ ਗਰਾਊਂਡ ਤਿਆਰ ਕਰ ਰਹੇ ਹਨ। ਉਹਨਾਂ ਕਿਹਾ ਕਿ ਚੰਨੀ ਆਖ ਰਹੇ ਹਨ ਕਿ ਆਮ ਆਦਮੀ ਪਾਰਟੀ ਬੂਥ ਕੈਪਚਰਿੰਗ ਕਰ ਸਕਦੀ ਹੈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਨੇ ਆਪਣੀ ਹਾਰ ਮੰਨ ਲਈ ਹੈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਿਨ ਰਾਤ ਲੱਗੇ ਹੋਏ ਹਨ, ‘ਆਪ’ ਦੇ ਵਰਕਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ। ਅਸੀਂ ਆਪਣੇ ਕੰਮਾਂ ਦੇ ਆਧਾਰ ’ਤੇ ਲੋਕਾਂ ਦੀ ਕਚਹਿਰੀ ਵਿਚ ਜਾ ਰਹੇ ਹਾਂ। ਪਿਛਲੀਆਂ ਸਰਕਾਰਾਂ ਵਾਂਗ ਫੋਕੀਆਂ ਗੱਲਾਂ ਕਰਕੇ ਨਹੀਂ ਸਗੋਂ ਵਿਕਾਸ ਦੇ ਨਾਂ ’ਤੇ ਵੋਟ ਮੰਗ ਰਹੇ ਹਾਂ। ਅਸੀਂ ਪੁਰਾਣੀਆਂ ਪਾਰਟੀਆਂ ਵਾਂਗ ਝੂਠੇ ਵਾਅਦੇ ਲੈ ਕੇ ਲੋਕਾਂ ਵਿਚ ਨਹੀਂ ਜਾ ਰਹੇ।