‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਪਹੁੰਚੇ। ਜਿਥੇ ਉਹਨਾਂ ਵਲੋਂ ਇਕ ਪ੍ਰੈੱਸ ਵਾਰਤਾ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਅੰਮ੍ਰਿਤਪਾਲ ਨੇ ਅਜਨਾਲਾ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਸ਼ਾਮ ਤੱਕ ਗ੍ਰਿਫ਼ਤਾਰ ਕੀਤੇ ਸਾਡੇ ਸਾਥੀ ਨਾ ਛੱਡੇ ਤਾਂ ਕੱਲ੍ਹ ਸਵੇਰੇ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਨਾਲ ਹੀ ਉਹਨਾਂ ਨੇ ਢੱਡਰੀਆਂ ਵਾਲਿਆਂ ਬਾਰੇ ਬਿਆਨ ਦਿੰਦੇ ਹੋਏ ਕਿਹਾ ਕਿ ਢੱਡਰੀਆਂਵਾਲਾ ਸਿੱਖਾਂ ਦੀ ਕੈਟੇਗਰੀ ਵਿਚ ਨਹੀਂ ਆਉਂਦਾ ਹੈ।
ਇਸ ਤੋਂ ਇਲਾਵਾ ਉਹਨਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ ਕਿ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ। ਉਹਨਾਂ ਕਿਹਾ ਕਿ “ਅਮਿਤ ਸ਼ਾਹ ਨੂੰ ਮੈਂ ਨਹੀਂ, ਬਲਕਿ ਗ੍ਰਹਿ ਮੰਤਰੀ ਨੇ ਮੈਨੂੰ ਧਮਕੀ ਦਿੱਤੀ ਹੈ।” ਨਾਲ ਹੀ ਉਹਨਾਂ ਕਿਹਾ ”ਮੈਂ ਸਰਕਾਰ ਵਿਰੁੱਧ ਨਹੀਂ ਹਾਂ, ਪਰੰਤੂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖਾਲਿਸਤਾਨ ‘ਤੇ ਭੜਕਣਾ ਜਾਇਜ਼ ਨਹੀਂ ਹੈ, ਇੰਦਰਾ ਗਾਂਧੀ ਨੇ ਵੀ ਇਹੀ ਕੀਤਾ ਸੀ। ਜੇਕਰ ਸਰਕਾਰਾਂ ਮੁੜ ਤੋਂ ਇਤਿਹਾਸ ਨੂੰ ਦੁਹਰਾਉਣਾ ਚਾਹੁੰਦੀਆਂ ਹਨ, ਤਾਂ ਫਿਰ ਸਵਾਗਤ ਹੈ। ਫਿਰ ਭਾਵੇਂ ਉਹ ਇਸ ਨੂੰ ਚੇਤਾਵਨੀ ਸਮਝਣ ਜਾਂ ਫਿਰ ਧਮਕੀ, ਉਨ੍ਹਾਂ ਦੀ ਮਰਜ਼ੀ ਹੈ।”
ਹੋਰ ਤਾਂ ਹੋਰ ਉਹਨਾਂ ਕਿਹਾ ਕਿ “ਏਜੰਸੀਆਂ ਮੈਨੂੰ ਮਾਰ ਸਕਦੀਆਂ ਹਨ, ਏਜੰਸੀਆਂ ਮੇਰਾ ਕਤਲ ਕਰ ਸਕਦੀਆਂ ਹਨ, ਏਜੰਸੀਆਂ ਕੁਝ ਵੀ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਦੀ ਗੱਲ ਕਰਨਾ ਸਿੱਖਾਂ ਦਾ ਧਰਮ ਹੈ, ਹੱਕ ਹੈ, ਖਾਲਿਸਤਾਨ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਮੰਨਿਆ ਜਾਂਦਾ ਹੈ ਤਾਂ ਫਿਰ ਉਸ ਨੂੰ ਮੁੜ ਲਿਆਉਣ ਵਿੱਚ ਦਿੱਕਤ ਕਿਉਂ ਹੈ।