ਅੰਮ੍ਰਿਤਪਾਲ ਸਿੰਘ ਦੀ ਭਾਲ ਲਗਾਤਾਰ ਜਾਰੀ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਸਾਥੀਆਂ ਤੇ ਸਮਰਥਕਾਂ ‘ਤੇ ਸ਼ਿਕੰਜਾ ਕੱਸ ਰਹੀ ਹੈ। ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਪੁਲਿਸ ਨੇ ਅੱਜ ਫਰਾਰ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਪਿਛਲੇ ਹਫ਼ਤੇ 18 ਮਾਰਚ ਤੋਂ ਪੰਜਾਬ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋਗਾ ਸਿੰਘ 18 ਮਾਰਚ ਤੋਂ ਅੰਮ੍ਰਿਤਪਾਲ ਨੂੰ ਫਰਾਰ ਹੋਣ ਵਿਚ ਮਦਦ ਕਰ ਰਿਹਾ ਸੀ ਅਤੇ ਇਸ ਨੂੰ ਅੰਮ੍ਰਿਤਪਾਲ ਸਿੰਘ ਦਾ ਵਫ਼ਾਦਾਰ ਵੀ ਮੰਨਿਆ ਜਾਂਦਾ ਹੈ। ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਜਦੋਂ ਇਹ ਫੜਿਆ ਗਿਆ ਹੈ ਤਾਂ ਮੰਨਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ‘ਚ ਪੁਲਿਸ ਇਸ ਤੋਂ ਅੰਮ੍ਰਿਤਪਾਲ ਨਾਲ ਜੁੜੇ ਕਈ ਅਹਿਮ ਰਾਜ਼ ਕੱਢ ਸਕਦੀ ਹੈ। ਖ਼ੁਫ਼ੀਆ ਸੂਤਰਾਂ ਅਨੁਸਾਰ ਵਿਸਾਖੀ ਤੋਂ ਪਹਿਲਾਂ ਅੰਮ੍ਰਿਤਪਾਲ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਆਤਮ ਸਮਰਪਣ ਕਰ ਸਕਦਾ ਹੈ। ਅੰਮ੍ਰਿਤਪਾਲ ਬਠਿੰਡਾ ਵਿੱਚ ਦਮਦਮਾ ਸਾਹਿਬ ਜਾਂ ਆਨੰਦਪੁਰ ਸਾਹਿਬ ਜ਼ਿਲ੍ਹੇ ਵਿੱਚ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਆਤਮ ਸਮਰਪਣ ਕਰਨ ਲਈ ਵੀ ਤਿਆਰ ਹੈ।