ਇਕ ਪਾਸੇ ਫਰਾਰ ਅੰਮ੍ਰਿਤਪਾਲ ਸਿੰਘ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਇੰਟਰਨੈੱਟ ’ਤੇ ਵੀਡੀਓਜ਼ ਪਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਪੁਲਿਸ ਦੇ ਟੈਕਨੀਕਲ ਵਿੰਗ ਵਲੋਂ ਲਗਾਤਾਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਵੀਡੀਓਜ਼ ਅਪਲੋਡ ਹੋ ਰਹੀਆਂ ਹਨ। ਪੰਜਾਬ ਪੁਲਸ ਦਾ ਟੈਕਨੀਕਲ ਵਿੰਗ ਪੂਰੀ ਸਮਰੱਥਾ ਦੇ ਨਾਲ ਇਸ ਗੱਲ ਦੀ ਭਾਲ ਕਰਨ ਵਿਚ ਲੱਗਾ ਹੋਇਆ ਹੈ ਕਿ ਆਖ਼ਰ ਵਿਦੇਸ਼ੀ ਆਈ.ਪੀ. ਐਡਰੈੱਸ ਤੋਂ ਅਪਲੋਡ ਹੋਣ ਤੋਂ ਬਾਅਦ ਸਰਕੁਲੇਟ ਹੋਈ ਉਕਤ ਵੀਡੀਓ ਆਖ਼ਰਕਾਰ ਉੱਥੇ ਤੱਕ ਕਿਸ ਰਸਤੇ ਤੋਂ ਪੁੱਜੀ ਹੈ। ਇਸ ਕੰਮ ਵਿਚ ਕੇਂਦਰੀ ਏਜੰਸੀਆਂ ਤੋਂ ਵੀ ਪੰਜਾਬ ਪੁਲਸ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਵੀਡੀਓ ਭੇਜਣ ਦਾ ਲਿੰਕ ਪਤਾ ਲੱਗਦੇ ਹੀ ਇਹ ਵੀ ਖ਼ੁਲਾਸਾ ਹੋ ਜਾਵੇਗਾ ਕਿ ਆਖ਼ਰਕਾਰ ਇਹ ਵੀਡੀਓ ਰਿਕਾਰਡ ਕਿੱਥੇ ਹੋਈ ਅਤੇ ਕਿਸ ਡਿਵਾਇਸ ਨਾਲ ਭੇਜੀ ਗਈ ਹੈ।
ਓਧਰ, ਦੂਜੇ ਪਾਸੇ ਵੀਡੀਓ ਵਿਚ ਅੰਮ੍ਰਿਤਪਾਲ ਸਿੰਘ ਵਲੋਂ ਵਾਰ-ਵਾਰ ਸਰਬੱਤ ਖ਼ਾਲਸਾ ਲਈ ਦਬਾਅ ਬਣਾਏ ਜਾਣ ਕਾਰਣ ਸਿੱਖ ਸਿਆਸਤ ਵਿਚ ਹਲਚਲ ਮਚੀ ਹੋਈ ਹੈ ਕਿਉਂਕਿ ਹੁਣ ਸਾਰਿਆਂ ਦੀਆਂ ਨਜ਼ਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਟਿਕੀਆਂ ਹੋਈਆਂ ਹਨ ਕਿਉਂਕਿ ਉਨ੍ਹਾਂ ਵਲੋਂ ਲਿਆ ਜਾਣ ਵਾਲਾ ਫ਼ੈਸਲਾ ਭਵਿੱਖ ਦੀਆਂ ਕਈ ਚੀਜ਼ਾਂ ਨੂੰ ਪ੍ਰਭਾਵਿਤ ਕਰਨ ਵਾਲਾ ਸਾਬਿਤ ਹੋ ਸਕਦਾ ਹੈ।
ਇਥੇ ਇਹ ਵੀ ਦਸਣਾ ਬਣਦਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਕਿਸੇ ਧਾਰਮਿਕ ਸਥਾਨ ‘ਚ ਲੁਕੇ ਹੋਣ ਦਾ ਖ਼ਦਸ਼ਾ ਹੈ। ਜਿਸ ਤੋਂ ਬਾਅਦ ਹੁਣ ਪੁਲਿਸ ਨੇ ਸੂਬੇ ਦੇ ਧਾਰਮਿਕ ਸਥਾਨਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ 300 ਡੇਰਿਆਂ ਤੱਕ ਪਹੁੰਚ ਕਰਕੇ ਪੁਲਿਸ ਸਰਚ ਆਪਰੇਸ਼ਨ ਚਲਾ ਰਹੀ ਹੈ।