ਅੰਮ੍ਰਿਤਪਾਲ ਸਿੰਘ ਦੀ ਭਾਲ ਅਜੇ ਵੀ ਜਾਰੀ ਹੈ। ਇਸ ਦੌਰਾਨ ਪੁਲਿਸ ਵਲੋਂ ਹਰ ਪੱਖ ਤੋਂ ਜਾਂਚ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਫਗਵਾੜਾ ਵਿਖੇ ਇੱਕ ਸਕਾਰਪੀਓ ਗੱਡੀ ਦੀ ਬਰਾਮਦਗੀ ਹੋਈ , ਜਿਸ ਨੂੰ ਲੈਕੇ ਖਦਸ਼ਾ ਸੀ ਕਿ ਇਸ ਨੂੰ ਅੰਮ੍ਰਿਤਪਾਲ ਨੇ ਫਗਵਾੜਾ ਪਹੁੰਚਣ ਵਿਚ ਇਸਤੇਮਾਲ ਕੀਤਾ ਸੀ। ਪਰ ਹੁਣ ਇਸ ਸਕਾਰਪੀਓ ਕਾਰ ਦਾ ਸਬੰਧ ਧਾਰਮਿਕ ਸਥਾਨ ਨਾਲ ਜੁੜਿਆ ਸਾਹਮਣੇ ਆਇਆ ਹੈ। ਇਹ ਸਕਾਰਪੀਓ ਗੱਡੀ ਪੀਲੀਭੀਤ ਦੇ ਬਡੇਪੁਰਾ ਗੁਰਦੁਆਰੇ ‘ਚ ਤਾਇਨਾਤ ਜਥੇਦਾਰ ਦੇ ਨਾਂ ‘ਤੇ ਰਜਿਸਟਰਡ ਹੈ। ਇਹ ਸਕਾਰਪੀਓ ਗੱਡੀ ਗੁਰੂਦੁਆਰੇ ਦੇ ਗ੍ਰੰਥੀ ਮਾਨ ਸਿੰਘ ਦੇ ਨਾਂ ਉਤੇ ਰਜਿਸਟਰਡ ਹੈ।
ਇਸ ਬਾਰੇ ਗ੍ਰੰਥੀ ਮਾਨ ਸਿੰਘ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਗ੍ਰੰਥੀ ਸਿੰਘ ਨੇ ਕਿਹਾ ਕਿ ਮੇਰੀ ਗੱਡੀ ਕਿਵੇਂ ਅੰਮ੍ਰਿਤਪਾਲ ਸਿੰਘ ਕੋਲ ਪੁੱਜੀ, ਉਨ੍ਹਾਂ ਨੂੰ ਨਹੀਂ ਪਤਾ ਹੈ। ਉਹਨਾਂ ਇਹ ਵੀ ਦੱਸਿਆ ਕਿ ਛੇ ਮਹੀਨੇ ਪਹਿਲਾਂ ਇੱਕ ਸੇਵਾਦਾਰ ਮੇਰੇ ਕੋਲੋਂ ਗੱਡੀ ਲੈ ਕੇ ਗਿਆ ਸੀ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ ਅਤੇ ਕਿਹਾ ਕਿ ਜਲਦੀ ਹੀ ਸੰਸਾਰ ਦੇ ਸਾਹਮਣੇ ਆਵਾਂਗਾ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਇਕ ਹੋਰ ਕਥਿਤ ਆਡੀਓ ਸਾਹਮਣੇ ਆਈ ਹੈ। ਜਿਸ ਵਿਚ ਉਸ ਨੇ ਜਾਰੀ ਆਪਣੀ ਵੀਡੀਓ ਉਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਹੈ। ਕਥਿਤ ਆਡੀਓ ਵਿਚ ਉਸ ਨੇ ਆਖਿਆ ਹੈ ਕਿ ਕਈ ਲੋਕ ਸਵਾਲ ਚੁੱਕ ਰਹੇ ਹਨ ਕਿ ਵੀਡੀਓ ਪੁਲਿਸ ਨੇ ਬਣਵਾਈ ਹੈ। ਉਸ ਨੇ ਕਿਹਾ ਕਿ ਕੈਮਰੇ ਵੱਲ ਵੇਖ ਕੇ ਵੀਡੀਓ ਬਣਾਉਣਾ ਮੇਰੀ ਆਦਤ ਨਹੀਂ ਹੈ।