ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਮਰਥਕ ਕੁੱਟਮਾਰ ਦੇ ਇਲਜ਼ਾਮਾਂ ਕਾਰਨ ਗ੍ਰਿਫ਼ਤਾਰ ਕੀਤੇ ਗਏ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰਵਾਉਣ ਲਈ ਅਜਨਾਲਾ ਥਾਣੇ ਬਾਹਰ ਧਰਨਾ ਲਗਾਕੇ ਬੈਠੇ ਕੀਤੇ ਸੀ ਅਤੇ ਉਹਨਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਤੂਫਾਨ ਸਿੰਘ ‘ਤੇ ਦਰਜ ਪਰਚਾ ਰੱਦ ਕੀਤਾ ਜਾਵੇ। ਇਸ ਮਾਮਲੇ ਵਿਚ ਅਜਨਾਲਾ ਪੁਲਿਸ ਵੱਲੋਂ ਪਰਚਾ ਰੱਦ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ ਹੈ। ਅੰਮ੍ਰਿਤਸਰ ਦੇ ਐਸ.ਐਸ. ਪੀ. ਨੇ ਕਿਹਾ ਕਿ ਸਾਡੇ ਸਾਹਮਣੇ ਪੇਸ਼ ਸਬੂਤਾਂ ਅਨੁਸਾਰ ਲਵਪ੍ਰੀਤ ਤੂਫ਼ਾਨ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਬਣਾ ਦਿੱਤੀ ਗਈ ਹੈ।
ਦਸ ਦਈਏ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਗਿਆ ਸੀ। ਦਰਅਸਲ ਪੁਲਿਸ ਉੱਤੇ ਹਮਲਾ ਕਰਨ ਵਾਲੇ ਲੋਕ ਲਵਪ੍ਰੀਤ ਸਿੰਘ ਤੂਫਾਨ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਸਨ। ਦੂਜੇ ਪਾਸੇ ਪੁਲਿਸ ਦੇ ਵੱਲੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਅਤੇ ਜਥੇਬੰਦੀ ਦੇ ਕਾਰਕੁਨਾਂ ਵਿਚਕਾਰ ਝੜਪ ਹੋ ਗਈ। ਪੁਲਿਸ ਦੇ ਨਾਲ ਝੜਪ ਦੇ ਦੌਰਾਨ 6 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਪੁਲਿਸ ਨੂੰ ਅਲਟੀਮੇਟਮ ਦਿੱਤਾ ਗਿਆ ਸੀ ।
ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਵੱਡੀ ਸੰਖਿਆਂ ਵਿੱਚ ਅਜਨਾਲਾ ਜਾਣਗੇ ਅਤੇ ਪੁਲਿਸ ਵੱਲੋਂ ਲਵਪ੍ਰੀਤ ਸਿੰਘ ਤੂਫਾਨ ਉੱਤੇ ਦਰਜ ਕੀਤੇ ਮਾਮਲੇ ਦਾ ਵਿਰੋਧ ਕਰਨਗੇ। ਇਸ ਕਾਫਿਲੇ ਦੇ ਆਉਣ ਦੀ ਸੂਚਨਾ ਤੋਂ ਪਹਿਲਾਂ ਪੁਲਿਸ ਨੇ ਚੌਕਸੀ ਵਧਾ ਦਿੱਤੀ ਸੀ। ਜਿਸ ਵੇਲੇ ਹੰਗਾਮਾ ਹੋਇਆ ਤਾਂ ਉਸ ਵੇਲੇ ਅੰਮ੍ਰਿਤਪਾਲ ਸਿੰਘ ਵੀ ਅਜਨਾਲਾ ਪਹੁੰਚ ਗਿਆ ਸੀ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਵੀ ਮੌਕੇ ਉੱਤੇ ਪੁਲਿਸ ਨੂੰ ਇਕ ਘੰਟੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਸੀ ਕਿ ਲਵਪ੍ਰੀਤ ਸਿੰਘ ਤੂਫਾਨ ਨੂੰ ਛੱਡਿਆ ਜਾਵੇ ਅਤੇ ਪਰਚਾ ਰੱਦ ਕੀਤਾ ਜਾਵੇ। ਉਸਨੇ ਇਹ ਵੀ ਕਿਹਾ ਕਿ ਜੇਕਰ ਪੁਲਿਸ ਕਿਹਾ ਨਹੀਂ ਮੰਨਦੀ ਤਾਂ ਅੰਜਾਮ ਵੀ ਭੁਗਤਣਾ ਪਵੇਗਾ। ਇਸਦੇ ਨਾਲ ਨਾਲ ਅੰਮ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਸ਼ਾਂਤੀ ਬਣਾ ਕੇ ਰੱਖੀ ਜਾਵੇ ਅਤੇ ਵਾਹਿਗੁਰੂ ਦਾ ਜਾਪ ਕੀਤਾ ਜਾਵੇ।
ਇਹ ਵੀ ਯਾਦ ਰਹੇ ਕਿ 15 ਫਰਵਰੀ ਨੂੰ ਅਜਨਾਲਾ ਵਿਖੇ ਚਮਕੌਰ ਸਾਹਿਬ ਦੇ ਵਰਿੰਦਰ ਸਿੰਘ ਨੂੰ ਕਿਡਨੈਪ ਕਰਨ ਦੀ ਘਟਨਾ ਵਾਪਰੀ ਸੀ। ਜੰਡਿਆਲਾ ਲਾਗੇ ਅੰਮ੍ਰਿਤਪਾਲ ਦੀ ਮੌਜੂਦਗੀ ਵਿਚ ਕੁੱਟਮਾਰ ਕਰਨ ਦੇ ਇਲਜਾਮ ਲੱਗੇ ਸਨ। ਇਸ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਉੱਤੇ ਪਰਚਾ ਦਰਜ ਕੀਤਾ ਸੀ।