ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਭੁੱਖ ਹੜਤਾਲ ‘ਤੇ ਜਾਣ ਅਤੇ ਖਾਣੇ ਵਿਚ ਤੰਬਾਕੂ ਦੀ ਸ਼ਿਕਾਇਤ ਹੋਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਸਿੱਖ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਜਾਣਾਕਾਰੀ ਮਿਲੀ ਹੈ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੰਘਾਂ ਨੂੰ ਆਟੇ ਵਿੱਚ ਤੰਬਾਕੂ ਦਿੱਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ ਉੱਤੇ ਸਿੱਖ ਬਰਦਾਸ਼ਤ ਨਹੀਂ ਕਰੇਗਾ, ਇਹ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਅਸਾਮ ਸਰਕਾਰ ਨੂੰ ਦਖ਼ਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਤਰੀਕੇ ਨਾਲ ਧਰਮ ਉੱਤੇ ਹਮਲਾ ਹੈ। ਸਿੱਖ ਇਸ ਤਰ੍ਹਾਂ ਦੀ ਕੋਝੀ ਹਰਕਤ ਨੂੰ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕਰਨਗੇ।
ਉਥੇ ਹੀ ਸ਼੍ਰੋਮਣੀ ਕਮੇਟੀ ਨੇ ਆਖਿਆ ਹੈ ਕਿ ਡਿਬਰੂਗੜ੍ਹ ਜੇਲ੍ਹ ਵਿਚ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨਾਲ ਗੈਰ ਮਨੁੱਖੀ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਮੇਟੀ ਨੇ ਆਖਿਆ ਹੈ ਕਿ ਜੇਲ੍ਹ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਨੇ ਆਖਿਆ ਕਿ ਜੇਲ੍ਹ ਪ੍ਰਸ਼ਾਸਨ ਸਿੱਖ ਕੈਦੀਆਂ ਨਾਲ ਵਿਤਕਰਾ ਬੰਦ ਕਰੇ। ਆਮ ਕੈਦੀਆਂ ਵਾਂਗ ਜੇਲ੍ਹ ਵਿਚ ਸਿੱਖਾਂ ਨੂੰ ਵੀ ਫੋਨ ਦੀ ਸਹੂਲਤ ਦਿੱਤੀ ਜਾਵੇ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡਿਬਰੂਗੜ੍ਹ ਜੇਲ੍ਹ ‘ਚ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋਂ ਕੀਤੀ ਭੁੱਖ ਹੜਤਾਲ ਨੂੰ ਲੈਕੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੂੰ ਇਸ ‘ਤੇ ਗੌਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੰਘਾਂ ਨੂੰ ਖੁਦ ਪ੍ਰਸ਼ਾਦਾ ਤਿਆਰ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ।
ਜ਼ਿਕਰ ਕਰ ਦਈਏ ਕਿ ਇਸ ਬਾਬਤ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਦੱਸਿਆ ਕਿ ਕਈ ਵਾਰ ਦਾਲ ਸਬਜ਼ੀ ਵਿੱਚ ਨਮਕ ਹੀ ਨਹੀਂ ਪਾਉਂਦੇ ਤੇ ਕਈ ਵਾਰ ਰੋਟੀਆਂ ਜੋ ਖਾਣ ਲਾਇਕ ਨਹੀਂ ਹੁੰਦੀਆਂ ਉਨ੍ਹਾਂ ਵਿੱਚ ਤੰਬਾਕੂ ਮਿਲਦਾ ਹੈ, ਜੋ ਵੀ ਖਾਣਾ ਬਣਾਉਂਦਾ ਹੈ ਉਹ ਤੰਬਾਕੂ ਦੀ ਵਰਤੋਂ ਕਰਦਾ ਹੈ, ਉਨ੍ਹਾਂ ਹੱਥਾਂ ਨਾਲ ਹੀ ਸਿੰਘਾ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ। ਕਈ ਵਾਰ ਇਹ ਕਹਿ ਕੇ ਸਾਰ ਦਿੰਦੇ ਹਨ ਕੇ ਸਾਨੂੰ ਤੁਹਾਡੀ ਸਮਝ ਨਹੀਂ ਆ ਰਹੀ, ਨਾਂ ਹੀ ਕੋਈ ਇੰਟਰਪ੍ਰੇਟਰ ਹੈ ਜੋ ਸਮਝਾ ਸਕੇ। ਕੁਝ ਕੁ ਸਿੰਘਾਂ ਨੂੰ ਅਜਿਹੇ ਪ੍ਰੈਸ਼ਰ ਕਾਰਨ ਮਾਨਸਿਕ ਤੰਗੀਆਂ ਵੀ ਆ ਰਹੀਆਂ ਹਨ। ਜਿਸ ਕਾਰਨ ਸਿਹਤ ’ਤੇ ਬਹੁਤ ਫ਼ਰਕ ਪੈ ਰਿਹਾ ਹੈ। ਹਾਲਾਂਕਿ, ਇਹਨਾਂ ਖ਼ਬਰਾਂ ਦਾ ਡਿਬਰੂਗੜ੍ਹ ਦੀ ਜੇਲ੍ਹ ਪ੍ਰਸ਼ਾਸਨ ਨੇ ਖੰਡਨ ਕੀਤਾ ਹੈ।