ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਮੁੱਢ ਤੋਂ ਹੀ ‘ਵਾਰਿਸ ਪੰਜਾਬ ਦੇ’ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਪੱਖ ਵਿਚ ਗੱਲਾਂ ਕਰਦੇ ਵਿਖਾਈ ਦਿੱਤੇ ਹਨ। ਇਸ ਦੌਰਾਨ ਹੁਣ ਇਕ ਹੋਰ ਬਿਆਨ ਐਮ.ਪੀ. ਮਾਨ ਦਾ ਸਾਹਮਣੇ ਆਇਆ ਹੈ। ਉਹਨਾਂ ਨੇ ਇਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਜਾਣ ਦੀ ਸਲਾਹ ਦਿੱਤੀ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਨਹੀਂ ਕਰਨਾ ਚਾਹੀਦਾ। ਉਹ ਰਾਵੀ ਦਰਿਆ ਪਾਰ ਕਰਕੇ ਪਾਕਿਸਤਾਨ ਚਲਾ ਜਾਵੇ। ਸੰਗਰੂਰ ਤੋਂ ਲੋਕ ਸਭਾ ਮੈਂਬਰ ਮਾਨ ਨੇ ਕਿਹਾ, ਅਸੀਂ 1984 ਵਿੱਚ ਵੀ ਪਾਕਿਸਤਾਨ ਗਏ ਸੀ। ਕੀ ਅਸੀਂ ਨਹੀਂ ਗਏ ਸੀ?
ਉਹਨਾਂ ਅੱਗੇ ਕਿਹਾ, ਅੰਮ੍ਰਿਤਪਾਲ ਨੂੰ ਨੇਪਾਲ ਜਾਣ ਦੀ ਕੀ ਲੋੜ ਹੈ। ਉਸ ਨੂੰ ਗੁਆਂਢੀ ਮੁਲਕ (ਪਾਕਿਸਤਾਨ) ਜਾਣਾ ਚਾਹੀਦਾ ਹੈ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਅੰਮ੍ਰਿਤਪਾਲ ਦਾ ਪਾਕਿਸਤਾਨ ਭੱਜਣਾ ਜਾਇਜ਼ ਹੈ, ਤਾਂ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਜੇ ਸਰਕਾਰ ਅੱਤਿਆਚਾਰ ਕਰ ਰਹੀ ਹੈ ਤਾਂ ਇਹ ਸਿੱਖ ਇਤਿਹਾਸ ਅਨੁਸਾਰ ਜਾਇਜ਼ ਹੈ।
ਸਿਮਰਨਜੀਤ ਸਿੰਘ ਮਾਨ ਦੀ ਟਿੱਪਣੀ 1984 ਦੀਆਂ ਘਟਨਾਵਾਂ ਦਾ ਹਵਾਲਾ ਸੀ ਜਦੋਂ ਸਿੱਖ ਵਿਰੋਧੀ ਦੰਗੇ ਹੋਏ ਸਨ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਨਰਲ ਸਿੰਘ ਭਿੰਡਰਾਂਵਾਲੇ ਤੇ ਉਸਦੇ ਖਾਲਿਸਤਾਨੀ ਸਹਿਯੋਗੀਆਂ ਨੂੰ ਖਤਮ ਕਰਨ ਲਈ ਸਾਕਾ ਨੀਲਾ ਤਾਰਾ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਭਾਰਤੀ ਫੌਜ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਈ। ਬਾਅਦ ਵਿੱਚ ਇੰਦਰਾ ਗਾਂਧੀ ਦੀ ਉਸਦੇ ਸਿੱਖ ਅੰਗ ਰੱਖਿਅਕਾਂ ਨੇ ਹੱਤਿਆ ਕਰ ਦਿੱਤੀ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਵੱਡੇ ਪੱਧਰ ‘ਤੇ ਸਿੱਖ ਵਿਰੋਧੀ ਦੰਗੇ ਹੋਏ ਸਨ। ਮਾਨ ਦੀ ਇਹ ਟਿੱਪਣੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਇਹ ਅੰਦਾਜ਼ੇ ਲਾਈਆਂ ਜਾ ਰਹੇ ਹਨ ਕਿ ਖਾਲਿਸਤਾਨੀ ਵੱਖਵਾਦੀ ਆਗੂ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਦੇ ਅਕਾਲ ਤਖ਼ਤ, ਬਠਿੰਡਾ ਦੇ ਤਖ਼ਤ ਦਮਦਮਾ ਸਾਹਿਬ ਜਾਂ ਆਨੰਦਪੁਰ ਸਾਹਿਬ ਦੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਆਤਮ ਸਮਰਪਣ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ਼ ਵੱਡੇ ਪੱਧਰ ‘ਤੇ ਕਾਰਵਾਈ ਸ਼ੁਰੂ ਕੀਤੀ ਸੀ। ਉਦੋਂ ਤੋਂ ਅੰਮ੍ਰਿਤਪਾਲ ਸਿੰਘ ਫਰਾਰ ਹੈ। ਇੱਕ ਦਿਨ ਪਹਿਲਾਂ ਵੀਰਵਾਰ (30 ਮਾਰਚ) ਨੂੰ, ਉਸਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਉਸਨੇ ਆਪਣੇ ਆਪ ਨੂੰ ਬਾਗੀ ਦੱਸਿਆ ਹੈ।