ਅੰਮ੍ਰਿਤਸਰ ‘ਚ ਦੜੇ-ਸੱਟੇ ਦੇ ਦੋਸ਼ੀ ਨਾਲ ਸੀਨੀਅਰ ਪੁਲਸ ਅਧਿਕਾਰੀਆਂ ਦਾ ਨੱਚਣ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਸ਼ਹਿਰੀ ਅਤੇ ਦਿਹਾਤੀ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਹ ਵੀਡੀਓ ਕੁਝ ਦਿਨ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। ਇਹ ਇੱਕ ਪ੍ਰਾਈਵੇਟ ਪਾਰਟੀ ਦੀ ਵੀਡੀਓ ਹੈ, ਜਿਸ ਵਿੱਚ ਪੁਲਿਸ ਮੁਲਾਜ਼ਮ ਅਤੇ ਦੋਸ਼ੀ ਸਾਦੇ ਕੱਪੜਿਆਂ ਵਿੱਚ ਹੀ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਦੋ ਡੀਐਸਪੀ ਰੈਂਕ ਦੇ ਅਧਿਕਾਰੀ ਸੰਜੀਵ ਕੁਮਾਰ ਅਤੇ ਪ੍ਰਵੇਸ਼ ਚੋਪੜਾ ਨਜ਼ਰ ਆ ਰਹੇ ਹਨ। ਇਹ ਦੋਵੇਂ ਡੀਐਸਪੀ ਅੰਮ੍ਰਿਤਸਰ ਦਿਹਾਤੀ ਵਿੱਚ ਤਾਇਨਾਤ ਹਨ। ਇਸ ਦੇ ਨਾਲ ਹੀ ਇਸ ਵੀਡੀਓ ਵਿੱਚ ਚਾਰ ਐਸਐਚਓ ਰੈਂਕ ਦੇ ਅਧਿਕਾਰੀ ਧਰਮਿੰਦਰ ਕਲਿਆਣ, ਗੁਰਵਿੰਦਰ ਸਿੰਘ, ਨੀਰਜ ਕੁਮਾਰ ਅਤੇ ਗਗਨਦੀਪ ਸਿੰਘ ਵੀ ਨਜ਼ਰ ਆ ਰਹੇ ਹਨ।
ਇਸ ਵੀਡੀਓ ਵਿੱਚ ਡੀਐਸਪੀ ਸੰਜੀਵ ਕੁਮਾਰ ਗੀਤ ਗਾ ਰਹੇ ਹਨ ਅਤੇ ਪ੍ਰਵੇਸ਼ ਚੋਪੜਾ ਉਨ੍ਹਾਂ ਦੇ ਨਾਲ ਖੜ੍ਹੇ ਹਨ। ਜਦੋਂਕਿ ਸੱਟੇਬਾਜ਼ੀ ਦੇ ਮਾਮਲੇ ਵਿੱਚ ਮੁਲਜ਼ਮ ਉਨ੍ਹਾਂ ਕੋਲੋਂ ਲੰਘਦੇ ਹਨ। ਦੂਜੀ ਵੀਡੀਓ ਵਿੱਚ ਛੇਹਰਟਾ ਦੇ ਐਸਐਚਓ ਗੁਰਵਿੰਦਰ ਸਿੰਘ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਸ਼ੀ ਉਹਨਾਂ ਦੇ ਸਾਹਮਣੇ ਖੜ੍ਹਾ ਹੋ ਕੇ ਗੀਤ ‘ਤੇ ਤਾੜੀਆਂ ਵਜਾ ਰਿਹਾ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਦੋਸ਼ੀ ਕਮਲ ਬੋਰੀ ਹੈ, ਜਿਸ ‘ਤੇ ਸੱਟੇਬਾਜ਼ੀ ਦਾ ਦੋਸ਼ ਲਗਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਪੁਲਸ ‘ਚ ਰਹਿੰਦਿਆਂ ਕਮਲ ਬੋਰੀ ਖਿਲਾਫ ਕਈ ਮਾਮਲੇ ਦਰਜ ਕਰਵਾਏ ਸਨ। ਜਿਸ ਤੋਂ ਬਾਅਦ ਕਮਲ ਬੋਰੀ ਨੂੰ ਕਈ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ। ਹੁਣ ਉਹ ਸਾਰੇ ਮਾਮਲਿਆਂ ‘ਚ ਜ਼ਮਾਨਤ ‘ਤੇ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਪ੍ਰਤੀਕਿਰਿਆ ਦੇਣ ਤੋਂ ਝਿਜਕਣਾ ਸ਼ੁਰੂ ਕਰ ਦਿੱਤਾ ਹੈ। ਡੀਐਸਪੀ ਲਾਅ ਐਂਡ ਆਰਡਰ ਪਰਮਿੰਦਰ ਭੰਡਾਲ ਨੇ ਕਿਹਾ ਕਿ ਉਨ੍ਹਾਂ ਨੂੰ ਵੀਡੀਓ ਬਾਰੇ ਪਤਾ ਨਹੀਂ ਹੈ ਅਤੇ ਉਹ ਇਸ ਵੇਲੇ ਵੀਆਈਪੀ ਡਿਊਟੀ ’ਤੇ ਰੁੱਝੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰੋਗਰਾਮ ਧਾਰਮਿਕ ਆਗੂ ਕੁਮਾਰ ਦਰਸ਼ਨ ਵੱਲੋਂ ਕਰਵਾਇਆ ਗਿਆ ਸੀ। ਹਾਲਾਂਕਿ, ਇਹ ਖ਼ਬਰ ਮਿਲੀ ਹੈ ਕਿ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਕਮਿਸ਼ਨਰ ਵੱਲੋਂ ਸਿਰਫ਼ ਐਸਐਚਓ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਪਰ ਕਿਸੇ ਵਿਰੁੱਧ ਕੋਈ ਵਿਭਾਗੀ ਕਾਰਵਾਈ ਨਹੀਂ ਕੀਤੀ ਗਈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਦੇ ਐਮ.ਪੀ. ਸੁਸ਼ੀਲ ਕੁਮਾਰ ਰਿੰਕੂ ਨੇ ਵੀ ਇਤਰਾਜ਼ ਜਤਾਇਆ ਅਤੇ ਕਿਹਾ ਕਿ ਉਹ ਪੰਜਾਬ ਦੇ ਡੀਜੀਪੀ ਨੂੰ ਅਪੀਲ ਕਰਦੇ ਹੈ ਕਿ ਪੁਲਿਸ ਅਫਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਪਰਾਧੀਆਂ ਦੇ ਮਨਾਂ ਵਿੱਚ ਪੁਲਿਸ ਦਾ ਡਰ ਬਣਿਆ ਰਹੇ।
Leave feedback about this