ਅੰਮ੍ਰਿਤਸਰ ਹਵਾਈ ਅੱਡੇ ‘ਤੇ ਦੋ ਘੰਟੇ ਰੋਕੇ ਜਾਣ ਤੋਂ ਬਾਅਦ UK ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਸਰਕਾਰ ਦੇ ਰਵੱਈਏ ‘ਤੇ ਗੁੱਸਾ ਜ਼ਾਹਰ ਕੀਤਾ ਹੈ। ਉਹਨਾਂ ਨੇ ਭਾਰਤ ਸਰਕਾਰ ਅਤੇ ਉਹਨਾਂ ਦੇ ਵੈਧ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਆਈਓਸੀ) ਵੀਜ਼ੇ ਨੂੰ ਮੁਅੱਤਲ ਕਰਨ ਬਾਰੇ ਸ਼ਿਕਾਇਤ ਕਰਨ ਵਾਲਿਆਂ ‘ਤੇ ਵੀ ਨਿਸ਼ਾਨਾ ਸਾਧਿਆ। ਇਸ ਘਟਨਾ ਤੋਂ ਬਾਅਦ ਢੇਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਉਹਨਾਂ ਕਿਹਾ- ਪਿਛਲੇ ਸਾਲ ਭਾਰਤ ਵਿੱਚ ਆਉਣ ‘ਤੇ, ਮੈਂ ਬਹੁਤ ਸਾਰੇ ਭਾਰਤੀ ਕਿਸਾਨ ਯੂਨੀਅਨਾਂ ਅਤੇ ਸਿਵਲ ਸੁਸਾਇਟੀ ਵੱਲੋਂ ਦਿੱਤੇ ਬਹੁਤ ਪਿਆਰ ਅਤੇ ਸਤਿਕਾਰ ਮਹਿਸੂਸ ਕੀਤਾ। ਕਿਸਾਨਾਂ ਦੇ ਧਰਨੇ ਦੌਰਾਨ ਮਨੁੱਖੀ ਅਧਿਕਾਰਾਂ ਲਈ ਜ਼ੋਰਦਾਰ ਢੰਗ ਨਾਲ ਬੋਲਣ ਕਾਰਨ ਅੱਜ ਮੈਨੂੰ ਫੜੇ ਜਾਣ ਦੀ ਨਮੋਸ਼ੀ ਝੱਲਣੀ ਪਈ। ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ 2 ਘੰਟੇ ਤੋਂ ਵੱਧ ਸਮਾਂ ਰੋਕਿਆ ਗਿਆ। ਕਿਉਂਕਿ ਕੁਝ ਨਫ਼ਰਤ ਕਰਨ ਵਾਲਿਆਂ ਨੇ ਮੇਰਾ ਵੈਧ IOC ਵੀਜ਼ਾ ਮੁਅੱਤਲ ਕਰਨ ਦੀ ਸ਼ਿਕਾਇਤ ਕੀਤੀ ਸੀ। ਅਫਵਾਹਾਂ ਦੇ ਬਾਵਜੂਦ, ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਦੇ ਸਖ਼ਤ ਦਖਲ ਸਦਕਾ, ਉੱਥੇ ਦੇ ਅਧਿਕਾਰੀਆਂ ਨਾਲ ਮਾਮਲਾ ਪੂਰੀ ਤਰ੍ਹਾਂ ਹੱਲ ਹੋ ਗਿਆ, ਜਿਸ ਲਈ ਮੈਂ ਬਹੁਤ ਧੰਨਵਾਦੀ ਹਾਂ। ਮੈਨੂੰ ਲਗਦਾ ਹੈ ਕਿ ਕਿਸਾਨਾਂ, ਹਾਸ਼ੀਏ ‘ਤੇ ਪਏ ਲੋਕਾਂ ਅਤੇ ਸਿੱਖਾਂ ਵਰਗੀਆਂ ਘੱਟ ਗਿਣਤੀਆਂ ਨਾਲ ਇਕਮੁੱਠਤਾ ਵਿੱਚ ਖੜ੍ਹੇ ਹੋਣ ਦੀ ਇਹ ਕੀਮਤ ਚੁਕਾਉਣੀ ਪਵੇਗੀ।
ਦਸ ਦਈਏ ਕਿ ਬ੍ਰਿਟੇਨ ‘ਚ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਤੋਂ ਵੀਰਵਾਰ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਗਈ। ਉਹ ਏਅਰ ਇੰਡੀਆ ਦੀ ਫਲਾਈਟ ਨੰਬਰ ਏਆਈ-118 ਰਾਹੀਂ ਬਰਮਿੰਘਮ ਤੋਂ ਅੰਮ੍ਰਿਤਸਰ ਪੁੱਜੇ ਸਨ। ਜਦੋਂ ਉਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਚੈੱਕ-ਆਊਟ ਕਰਨ ਲਈ ਆਇਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਨੂੰ ਰੋਕ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਤਨਮਨਜੀਤ ਸਿੰਘ ਢੇਸੀ ਜਦੋਂ ਅੰਮ੍ਰਿਤਸਰ ਪੁੱਜੇ ਤਾਂ ਉਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਸਨ। ਉਹਨਾ ਦੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਕਾਰਡ ਵਿੱਚ ਕੁਝ ਸਮੱਸਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਰੋਕ ਲਿਆ ਗਿਆ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਦਸਤਾਵੇਜ਼ ਪੂਰੇ ਕਰਨ ਲਈ ਕਿਹਾ। ਕਰੀਬ ਦੋ ਘੰਟਿਆਂ ਦੇ ਵਕਫ਼ੇ ਤੋਂ ਬਾਅਦ, ਉਹਨਾਂ ਨੇ ਆਪਣੇ ਦਸਤਾਵੇਜ਼ ਪੂਰੇ ਕੀਤੇ ਅਤੇ ਫਿਰ ਉਹਨਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦਿੱਤਾ ਗਿਆ।