ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਲੈ ਕੇ ਪੰਜਾਬ ‘ਚ ਸ਼ੁਰੂ ਹੋਈ ਸਿਆਸੀ ਲੜਾਈ ਵਧਦੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਤੋਂ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਵਿਵਾਦ ਹੋਰ ਵਧ ਗਿਆ ਹੈ। ਸੀਐਮ ਭਗਵੰਤ ਮਾਨ ਨੇ ਸੁਖਜਿੰਦਰ ਰੰਧਾਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਦੀ ਕਾਪੀ ਜਨਤਕ ਕੀਤੀ ਹੈ। CM ਮਾਨ ਨੇ ਟਵੀਟ ‘ਚ ਕਿਹਾ ਹੈ- ਜੇਲ ਮੰਤਰੀ ਕਹਿ ਰਹੇ ਹਨ ਕਿ ਮੈਨੂੰ ਕੁਝ ਨਹੀਂ ਪਤਾ, ਮੁੱਖ ਮੰਤਰੀ ਕਹਿ ਰਹੇ ਹਨ ਕਿ ਮੈਂ ਆਪਣੀ ਜ਼ਿੰਦਗੀ ‘ਚ ਕਦੇ ਅੰਸਾਰੀ ਨੂੰ ਨਹੀਂ ਮਿਲਿਆ, ਕੌਣ ਜੇਲ੍ਹ ਆਇਆ ਤੇ ਕੌਣ ਗਿਆ, ਕੌਣ ਜਾਣਦਾ ਹੈ ?? ਮੈਂ ਇਹ ਪੱਤਰ ਜਨਤਕ ਕਰ ਰਿਹਾ ਹਾਂ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਸਰਕਾਰ ਚਲਾਉਣ ਲਈ ਕਿੰਨੇ ਤਜਰਬੇਕਾਰ ਸਨ। ਹੋਰ ਖੁਲਾਸੇ ਜਲਦੀ ਆ ਰਹੇ ਹਨ।
ਸੀਐਮ ਨੇ ਇਸ ਟਵੀਟ ਦੇ ਨਾਲ ਪੱਤਰ ਦੇ ਦੋ ਪੰਨਿਆਂ ਨੂੰ ਵੀ ਸਾਂਝਾ ਕੀਤਾ ਹੈ। ਇਹ ਪੱਤਰ 1 ਅਪ੍ਰੈਲ 2021 ਨੂੰ ਲਿਖਿਆ ਗਿਆ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਅਤੇ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਸਨ। ਇਹ ਪੱਤਰ ਸੁਖਜਿੰਦਰ ਰੰਧਾਵਾ ਵੱਲੋਂ ਅੰਸਾਰੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਗਿਆ ਸੀ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਗੈਂਗਸਟਰ ਅੰਸਾਰੀ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਸੀ ਅਤੇ ਸੁਖਜਿੰਦਰ ਰੰਧਾਵਾ ਨੂੰ ਵੀ।
ਕਾਬਿਲੇਗੌਰ ਹੈ ਕਿ ਸੀਐਮ ਮਾਨ ਨੇ ਐਤਵਾਰ ਨੂੰ ਟਵੀਟ ਕੀਤਾ ਸੀ- “ਯੂਪੀ ਦੇ ਗੈਂਗਸਟਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਣ ਅਤੇ ਸੁਪਰੀਮ ਕੋਰਟ ਵਿੱਚ ਉਸਦਾ ਕੇਸ ਲੜਨ ਦੀ 55 ਲੱਖ ਫੀਸ ਪੰਜਾਬ ਦੇ ਖਜ਼ਾਨੇ ਵਿੱਚੋਂ ਨਹੀਂ ਦਿੱਤੀ ਜਾਵੇਗੀ। ਇਹ ਪੈਸਾ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲ ਕੀਤਾ ਜਾਵੇਗਾ। ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀ ਪੈਨਸ਼ਨ ਅਤੇ ਹੋਰ ਸਰਕਾਰੀ ਲਾਭ ਰੱਦ ਕਰ ਦਿੱਤੇ ਜਾਣਗੇ।
ਇਸ ‘ਤੇ ਕੈਪਟਨ ਨੇ ਸੀਐਮ ਮਾਨ ਦੇ ਬਿਆਨ ਨੂੰ ਬੇਵਕੂਫੀ ਵਾਲਾ ਕਰਾਰ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਭਗਵੰਤ ਮਾਨ ਅਜਿਹੇ ਬੇਤੁਕੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਕਾਨੂੰਨ ਅਤੇ ਜਾਂਚ ਦੀ ਪ੍ਰਕਿਰਿਆ ਨੂੰ ਸਿੱਖੋ, ਜੋ ਸਿਰਫ ਪ੍ਰਸ਼ਾਸਨ ਦੀ ਪ੍ਰਕਿਰਿਆ ਬਾਰੇ ਤੁਹਾਡੀ ਅਗਿਆਨਤਾ ਨੂੰ ਉਜਾਗਰ ਕਰ ਰਹੇ ਹਨ। ਅੰਸਾਰੀ ਨੂੰ ਪੰਜਾਬ ਲਿਆਂਦਾ ਗਿਆ ਅਤੇ ਜਾਂਚ ਲਈ ਕਾਨੂੰਨੀ ਪ੍ਰਕਿਰਿਆ ਤਹਿਤ ਇੱਥੇ ਨਜ਼ਰਬੰਦ ਕੀਤਾ ਗਿਆ ਸੀ, ਇਸ ਸਭ ਵਿੱਚ ਮੁੱਖ ਮੰਤਰੀ ਜਾਂ ਜੇਲ੍ਹ ਮੰਤਰੀ ਕਿੱਥੋਂ ਆਉਂਦੇ ਹਨ?”
ਦੂਜੇ ਪਾਸੇ ਰੰਧਾਵਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਅੰਸਾਰੀ ਮਾਮਲੇ ਵਿੱਚ ਕੋਈ ਪੇਮੈਂਟ ਨਹੀਂ ਕੀਤੀ ਅਤੇ ਫਾਈਲ ਵਾਪਸ ਕਰ ਦਿੱਤੀ ਹੈ। ਉਨ੍ਹਾਂ ਸੀਐਮ ਮਾਨ ਨੂੰ ਸਵਾਲ ਕੀਤਾ ਕਿ ਜਦੋਂ ਕੋਈ ਪੇਮੈਂਟ ਨਹੀਂ ਹੋਈ, ਸਬੰਧਤ ਵਿਅਕਤੀ ਨੂੰ ਉਸ ਦੇ ਪੈਸੇ ਨਹੀਂ ਮਿਲੇ, ਤਾਂ ਉਸ ਤੋਂ ਵਸੂਲੀ ਦਾ ਕੀ ਮਤਲਬ? ਰੰਧਾਵਾ ਨੇ ਕਿਹਾ ਕਿ ਘੱਟੋ-ਘੱਟ ਸੀਐਮ ਭਗਵੰਤ ਮਾਨ ਉਹਨਾਂ ਨੂੰ ਰਿਕਵਰੀ ਨੋਟਿਸ ਭੇਜਣ, ਉਹ ਉਸਦਾ ਜਵਾਬ ਦੇਣਗੇ ਅਤੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਅਦਾਲਤ ਵਿੱਚ ਸੀਐਮ ਭਗਵੰਤ ਮਾਨ ਮਾਣਹਾਨੀ ਦਾ ਕੇਸ ਵੀ ਕਰਨਗੇ।