ਅੱਜ ਯਾਨੀ ਕਿ ਵੀਰਵਾਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ 89 ਸੀਟਾਂ ’ਤੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਦੂਜੇ ਪੜਾਅ ਦੀਆਂ ਵੋਟਾਂ 5 ਦਸੰਬਰ ਨੂੰ ਪੈਣਗੀਆਂ। ਉਥੇ ਹੀ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਵਿਧਾਨ ਸਭਾ ਚੋਣਾਂ ’ਚ 1621 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ’ਚ 139 ਮਹਿਲਾ ਉਮੀਦਵਾਰ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਚੋਣ ਮੈਦਾਨ ’ਚ ਨਿੱਤਰੇ 456 ਉਮੀਦਵਾਰ ਕਰੋੜਪਤੀ ਹਨ। ਗੁਜਰਾਤ ਦੀਆਂ 89 ਵਿਧਾਨ ਸਭਾ ਸੀਟਾਂ ‘ਤੇ ਅੱਜ (1 ਦਸੰਬਰ) ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਣ ਜਾ ਰਹੀ ਹੈ। ਇਸ ਵਾਰ ਆਮ ਆਦਮੀ ਪਾਰਟੀ (ਆਪ) ਨੇ ਵੀ 181 ਵਿਧਾਨ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰਕੇ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ ਹੈ।
ਤੁਹਾਨੂੰ ਦਸ ਦਈਏ ਕਿ 1 ਦਸੰਬਰ ਨੂੰ ਪਹਿਲੇ ਪੜਾਅ ਵਿਚ 89 ਸੀਟਾਂ ‘ਤੇ ਹੋਣ ਵਾਲੀਆਂ ਚੋਣਾਂ ਲਈ ਪੋਲੰਿਗ ਫੋਰਸ ਵਿਚ 1,06,963 ਕਰਮਚਾਰੀ/ਅਧਿਕਾਰੀ ਤਾਇਨਾਤ ਕੀਤੇ ਜਾਣਗੇ, ਜਿਨ੍ਹਾਂ ਵਿਚ 27,978 ਰਿਟਰਨਿੰਗ ਅਫਸਰ ਅਤੇ 78,985 ਪੋਲੰਿਗ ਸਟਾਫ ਸ਼ਾਮਲ ਹਨ। ਪਹਿਲੇ ਪੜਾਅ ਵਿਚ 19 ਜ਼ਿਿਲ੍ਹਆਂ ’ਚ 89 ਸੀਟਾਂ ਲਈ ਕੁੱਲ 2,39,76,670 ਵੋਟਰ ਹਨ, ਜਿਨ੍ਹਾਂ ’ਚ 1,24,33,362 ਪੁਰਸ਼, 1,15,42,811 ਔਰਤਾਂ ਅਤੇ 497 ਟਰਾਂਸਜੈਂਡਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।
ਸੂਬੇ ’ਚ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਵਾਰ ‘ਆਪ’ ਤੀਜੀ ਧਿਰ ਦੇ ਰੂਪ ਵੀ ਮੈਦਾਨ ’ਚ ਹੈ। ਅਸਲ ’ਚ ਇਹ 2024 ਦੇ ਫਾਈਨਲ ਲਈ ਲੀਗ ਮੈਚ ਦੀ ਸ਼ੁਰੂਆਤ ਹੈ। ਪਹਿਲੇ ਪੜਾਅ ’ਚ ਵੀਰਵਾਰ ਨੂੰ 89 ਸੀਟਾਂ ’ਤੇ ਵੋਟਿੰਗ ਹੋਵੇਗੀ। ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਚੋਣ ਪ੍ਰਚਾਰ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਪਿਛਲੇ 27 ਸਾਲਾਂ ਤੋਂ ਗੁਜਰਾਤ ਦੀ ਸੱਤਾ ’ਤੇ ਭਾਜਪਾ ਦਾ ਕਬਜ਼ਾ ਹੈ। ਭਾਜਪਾ ਨੂੰ ਪਹਿਲਾਂ ਵੀ ਕਾਂਗਰਸ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਚੁਣੌਤੀ ਨੂੰ ਖੋਰਾ ਲਾਇਆ ਹੈ।
ਪਹਿਲੇ ਪੜਾਅ ਦੇ ਮੁੱਖ ਉਮੀਦਵਾਰਾਂ ’ਚ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਈਸ਼ੂਦਾਨ ਗੜਵੀ ਹਨ, ਜੋ ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਖੰਭਲੀਆ ਤੋਂ ਚੋਣ ਲੜ ਰਹੇ ਹਨ। ਗੁਜਰਾਤ ਦੇ ਸਾਬਕਾ ਮੰਤਰੀ ਪੁਰਸ਼ੋਤਮ ਸੋਲੰਕੀ, ਛੇ ਵਾਰ ਵਿਧਾਇਕ ਰਹੇ ਕੁੰਵਰਜੀ ਬਾਵਾਲੀਆ, ਮੋਰਬੀ ਦੇ ‘ਨਾਇਕ’ ਕਾਂਤੀਲਾਲ ਅਮ੍ਰਿਤੀਆ, ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਅਤੇ ‘ਆਪ’ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਵੀ ਚੋਣ ਮੈਦਾਨ ’ਚ ਹਨ। ਪਹਿਲੇ ਪੜਾਅ ’ਚ ਭਾਜਪਾ ਅਤੇ ਕਾਂਗਰਸ ਦੇ 89-89 ਉਮੀਦਵਾਰ ਅਤੇ ‘ਆਪ’ ਦੇ 88 ਉਮੀਦਵਾਰ ਮੈਦਾਨ ’ਚ ਹਨ। ਸੂਰਤ (ਪੂਰਬੀ) ਸੀਟ ਤੋਂ ‘ਆਪ’ ਉਮੀਦਵਾਰ ਨੇ ਆਖਰੀ ਦਿਨ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ। ਮੋਰਬੀ ਜ਼ਿਲ੍ਹੇ ਦੀਆਂ 3 ਸੀਟਾਂ ’ਤੇ ਪਹਿਲੇ ਪੜਾਅ ’ਚ ਵੀ ਵੋਟਿੰਗ ਹੋ ਰਹੀ ਹੈ। ਲਟਕਦੇ ਪੁਲ ਦੇ ਡਿੱਗਣ ਤੋਂ ਬਾਅਦ ਇਹ ਇਲਾਕਾ ਸੁਰਖੀਆਂ ’ਚ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਮੋਰਬੀ ਦੀਆਂ ਤਿੰਨੋਂ ਸੀਟਾਂ ਜਿੱਤੀਆਂ ਸਨ। ਮੋਰਬੀ-ਮਾਲੀਆ ਸੀਟ ਕਾਂਗਰਸ ਦੇ ਬ੍ਰਿਜੇਸ਼ ਮੇਰਜਾ ਨੇ ਜਿੱਤੀ ਸੀ ਪਰ ਚੋਣ ਜਿੱਤਣ ਤੋਂ ਬਾਅਦ ਉਹ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਪੁਲ ਹਾਦਸੇ ਤੋਂ ਬਾਅਦ ਭਾਜਪਾ ਨੇ ਮੇਰਜਾ ਦੀ ਟਿਕਟ ਰੱਦ ਕਰ ਦਿੱਤੀ ਹੈ। ਉਸ ਦੀ ਥਾਂ ਕਾਂਤੀਲਾਲ ਅਮ੍ਰਿਤੀਆ ਨੂੰ ਲਿਆ ਗਿਆ ਹੈ, ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਪੁਲ ਢਹਿ ਜਾਣ ਦੌਰਾਨ ਲੋਕਾਂ ਨੂੰ ਬਚਾਉਣ ਲਈ ਉਸ ਨੇ ਨਦੀ ’ਚ ਛਾਲ ਮਾਰ ਦਿੱਤੀ ਸੀ।