ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣ ਜਾ ਰਹੇ ਹਨ। ਕੁਝ ਸਮੇਂ ਤੱਕ ਉਹਨਾਂ ਦੀ ਰਿਹਾਈ ਹੋ ਜਾਵੇਗੀ। ਸਿੱਧੂ ਦੀ ਰਿਹਾਈ ਤੋਂ ਪਹਿਲਾਂ ਇਕ ਟਵੀਟ ਉਹਨਾਂ ਨੇ ਟਵੀਟਰ ਹੈਂਡਲ ‘ਤੇ ਪਾਇਆ ਗਿਆ ਹੈ। ਜਿਸ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਪਟਿਆਲਾ ਜੇਲ੍ਹ ਬਾਹਰ ਦੁਪਹਿਰ ਸਮੇਂ ਮੀਡੀਆ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਕਾਂਗਰਸੀ ਵਰਕਰਾਂ ਵਲੋਂ ਸਿੱਧੂ ਦੇ ਬਾਹਰ ਆਉਣ ਨੂੰ ਲੈਕੇ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਦਸ ਦਈਏ ਕਿ ਸਿੱਧੂ ਰੋਡਰੇਜ ਮਾਮਲੇ ‘ਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਹਨ। 20 ਮਈ 2022 ਨੂੰ ਸਿੱਧੂ ਨੇ ਅਦਾਲਤ ‘ਚ ਜਾਕੇ ਆਤਮ-ਸਮਰਪਣ ਕਰ ਦਿੱਤਾ ਸੀ ਅਤੇ ਉਹ 20 ਮਈ 2022 ਤੋਂ ਪਟਿਆਲਾ ਜੇਲ੍ਹ ‘ਚ ਬੰਦ ਹਨ। ਬੀਤੇ ਇੱਕ ਸਾਲ ਤੋਂ ਇੱਕ ਛੁੱਟੀ ਨਾ ਲੈਣ ਦੇ ਚੱਲਦਿਆਂ ਨਵਜੋਤ ਸਿੰਘ ਸਿੱਧੂ ਨੂੰ 48 ਦਿਨ ਪਹਿਲਾਂ ਰਿਹਾਅ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਸਿੱਧੂ ਨੂੰ 19 ਮਈ 2022 ਨੂੰ ਸੁਪਰੀਮ ਕੋਰਟ ਨੇ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਇਸ ਲਿਹਾਜ਼ ਨਾਲ ਉਨ੍ਹਾਂ ਨੂੰ 18 ਮਈ ਤਕ ਜੇਲ੍ਹ ‘ਚ ਰਹਿਣਾ ਪੈਣਾ ਸੀ ਪਰ ਨਿਯਮਾਂ ਅਨੁਸਾਰ ਕੈਦੀਆਂ ਨੂੰ ਇਕ ਮਹੀਨੇ ਚਾਰ ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ। ਸਿੱਧੂ ਨੇ ਇਸ ਦੌਰਾਨ ਇਕ ਵੀ ਛੁੱਟੀ ਨਹੀਂ ਲਈ, ਲਿਹਾਜ਼ਾ ਉਨ੍ਹਾਂ ਦੀ ਸਜ਼ਾ 48 ਦਿਨ ਪਹਿਲਾਂ ਮਾਰਚ ਦੇ ਅਖੀਰ ਤਕ ਪੂਰੀ ਹੋ ਜਾਵੇਗੀ ਤੇ ਉਹ ਅੱਜ ਰਿਹਾਅ ਹੋ ਜਾਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਵੀ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਖ਼ਬਰ ਸਾਹਮਣੇ ਆਈ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਸਿੱਧੂ ਦੀ ਗਿਣਤੀ ਉਨ੍ਹਾਂ 50 ਕੈਦੀਆਂ ‘ਚ ਵੀ ਹੋ ਸਕਦੀ ਹੈ, ਜਿਨ੍ਹਾਂ ਨੂੰ ਗਣਤੰਤਰ ਦਿਵਸ ‘ਤੇ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਪਰ ਅਜਿਹਾ ਨਾ ਹੋ ਸਕਿਆ ਅਤੇ ਆਖਰੀ ਸਮੇਂ ‘ਤੇ ਸਿੱਧੂ ਦੇ ਸਮਰਥਕਾਂ ਨੂੰ ਵੱਡੇ-ਵੱਡੇ ਬੈਨਰ ਅਤੇ ਹੋਰਡਿੰਗ ਲੈ ਕੇ ਪਰਤਣਾ ਪਿਆ।