NIA ਦੇ ਵਲੋਂ ਵੱਡੀ ਕਾਰਵਾਈ ਕਰਦੇ ਹੋਏ ਅੱਜ ਜ਼ੰਮੂ-ਕਸ਼ਮੀਰ ਦੇ ਵਿਚ ਛਾਪੇਮਾਰੀ ਕੀਤੀ ਗਈ, ਤਾਂ ਜੋ ਅੱਤਵਾਦੀਆਂ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇ। ਇਸ ਲਈ ਜੰਮੂ ਦੇ ਕਠੂਆ ਜ਼ਿਲੇ ‘ਚ ਨਾਰਕੋ-ਅੱਤਵਾਦ ਅਤੇ ਅੱਤਵਾਦੀ ਫੰਡਿੰਗ ਨੂੰ ਲੈ ਕੇ NIA ਵਲੋਂ ਛਾਪੇਮਾਰੀ ਕੀਤੀ ਗਈ ਹੈ, ਜਿਸ ਦੇ ਵਿਚ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਰਾਹੀਂ ਫੰਡ ਇਕੱਠਾ ਕਰਨ ਅਤੇ ਅੱਤਵਾਦੀ ਗਤੀਵਿਧੀਆਂ ‘ਚ ਇਸਤੇਮਾਲ ਕਰਨ ਵਾਲਿਆਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ NIA ਨੇ ਅੱਜ ਚੰਡੀਗੜ੍ਹ ਵਿੱਚ ਵੀ ਛਾਪੇਮਾਰੀ ਕੀਤੀ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ ‘ਚ ਘੱਟ ਗਿਣਤੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀ ਗਤੀਵਿਧੀਆਂ ਫੈਲਾਉਣ ਵਾਲੇ ਲੋਕਾਂ ਦੇ ਖਿਲਾਫ 14 ਟਿਕਾਣਿਆਂ ‘ਤੇ ਤਲਾਸ਼ੀ ਮੁਹਿੰਮ ਦੇ ਇਕ ਦਿਨ ਬਾਅਦ NIA ਨੇ ਇਹ ਛਾਪੇਮਾਰੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਚਲਾਏ ਗਏ ਸਰਚ ਆਪਰੇਸ਼ਨ ਨੇ ਕੁਲਗਾਮ, ਪੁਲਵਾਮਾ, ਅਨੰਤਨਾਗ, ਸੋਪੋਰ ਅਤੇ ਜੰਮੂ ਜ਼ਿਲ੍ਹਿਆਂ ਦੇ ਸਥਾਨਾਂ ਨੂੰ ਕਵਰ ਕੀਤਾ। ਦੱਸਿਆ ਗਿਆ ਹੈ ਕਿ ਤਲਾਸ਼ੀ ਲੈਣ ਵਾਲੇ ਸਥਾਨਾਂ ਤੋਂ ਕਈ ਤਰ੍ਹਾਂ ਦੀ ਇਤਰਾਜ਼ਯੋਗ ਸਮੱਗਰੀ ਜਿਵੇਂ ਕਿ ਡਿਜੀਟਲ ਡਿਵਾਈਸ, ਸਿਮ ਕਾਰਡ ਅਤੇ ਡਿਜੀਟਲ ਸਟੋਰੇਜ ਡਿਵਾਈਸ ਆਦਿ ਜ਼ਬਤ ਕੀਤੇ ਗਏ ਹਨ।