ਮਿਸ਼ਨ ਰੁਜ਼ਗਾਰ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਪਸ਼ੂ-ਪਾਲਣ ਵਿਭਾਗ ਦੇ 315 ਵੈਟਰਨਰੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਜਿਥੇ ਨਵੇਂ ਭਰਤੀ ਹੋਏ ਵੈਟਰਨਰੀ ਅਫ਼ਸਰਾਂ ਨੂੰ ਵਧਾਈ ਦਿੱਤੀ ਉਥੇ ਹੀ ਉਹਨਾਂ ਨੇ ਕਿਹਾ ਕਿ ਖੇਤੀ ਤੋਂ ਬਾਅਦ ਜੇਕਰ ਕਿਸਾਨ ਨੂੰ ਬਚਾ ਸਕਦਾ ਹੈ ਤਾਂ ਉਹ ਪਸ਼ੂ ਧਨ ਹੈ ਅਤੇ ਕਿਸਾਨ ਖੇਤੀ ਦੇ ਨਾਲ-ਨਾਲ ਮੱਛੀ ਪਾਲਣ ਆਦਿ ਵਰਗਾ ਕੰਮ ਕਰ ਸਕਦਾ ਹੈ।
ਇਸ ਤੋਂ ਇਲਾਵਾ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੇਰਕਾ ‘ਤੇ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ ‘ਚ ਵੇਰਕਾ ਪੰਜਾਬ ਦਾ ਕਮਾਊ ਪੁੱਤ ਬਣ ਜਾਵੇਗਾ। ਵੇਰਕਾ ਦਾ ਦੁੱਧ, ਖੀਰ, ਪਿੰਨੀਆਂ, ਲੱਸੀ, ਪੰਜੀਰੀ ਵਰਗੀ ਚੀਜ਼ ਕਿਤੇ ਨਹੀਂ ਮਿਲਦੀ ਅਤੇ ਇਸ ਲਈ ਦੁੱਧ ਚਾਹੀਦਾ ਹੈ। ਦੁੱਧ ਲਈ ਸਿਹਤਮੰਦ ਪਸ਼ੂ ਚਾਹੀਦੇ ਹਨ, ਜਿਸ ਦੇ ਲਈ ਵੈਟਰਨਰੀ ਅਫ਼ਸਰਾਂ ਦੇ ਤਜੁਰਬੇ ਕੰਮ ਆਉਣੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦਿੱਲੀ ‘ਚ ਅਸੀਂ ਵੇਰਕਾ ਦਾ ਦਫ਼ਤਰ ਖੋਲ੍ਹ ਰਹੇ ਹਾਂ। ਹਿਮਾਚਲ ਦਾ ਦਫ਼ਤਰ ਵੱਡਾ ਕਰ ਰਹੇ ਹਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਦੇਸ਼ਾਂ ‘ਚ ਵੱਡੀ ਗਿਣਤੀ ‘ਚ ਪੰਜਾਬੀ ਵੱਸਦੇ ਹਨ ਅਤੇ ਉੱਥੇ ਪੰਜਾਬੀ ਸਟੋਰ ਵੀ ਖੁੱਲ੍ਹੇ ਹੋਏ ਹਨ। ਪੰਜਾਬ ਦੇ ਪ੍ਰੋਡਕਟ ਵਿਦੇਸ਼ ਭੇਜਣ ਲਈ ਐੱਨ. ਆਰ. ਆਈਜ਼ ਨਾਲ ਵੀ ਗੱਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦੁੱਧ ਪ੍ਰੈਸੋਸ ਹੋ ਕੇ ਜਦੋਂ ਵਿਦੇਸ਼ ਜਾਵੇਗਾ ਤਾਂ ਉੱਥੇ ਵੱਸਦੇ ਪੰਜਾਬੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ।