ਪੰਜਾਬ ਦੇ ਵਿਚ ਸਿੱਖਿਆ ਮਾਡਲ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ‘ਆਪ’ ਸਰਕਾਰ ਵਲੋਂ ਕੀਤਾ ਗਿਆ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ। ਪੜ੍ਹਾਈ ਦੀ ਆਧੁਨਿਕ ਤਕਨੀਕ ਦੀ ਟ੍ਰੇਨਿੰਗ ਲਈ ਪੰਜਾਬ ਦੇ 36 ਪ੍ਰਿਸੀਪਲ ਅੱਜ ਸਿੰਗਾਪੁਰ ਲਈ ਰਵਾਨਾ ਹੋ ਗਏ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਨ੍ਹਾਂ ਅਧਿਆਪਕਾਂ ਨਾਲ ਪਹਿਲਾਂ ਮੁਲਾਕਾਤ ਕੀਤੀ ਗਈ ਅਤੇ ਫਿਰ ਇਹਨਾਂ 36 ਪ੍ਰਿਸੀਪਲਜ਼ ਨੂੰ ਸੀ.ਐਮ. ਮਾਨ ਨੇ ਹਰੀ ਝੰਡੀ ਦੇ ਕੇ ਸਿੰਗਾਪੁਰ ਲਈ ਰਵਾਨਾ ਕੀਤਾ ਹੈ। ਚੰਡੀਗੜ੍ਹ ਤੋਂ ਸਿੰਗਾਪੁਰ ਜਾਣ ਵਾਲੇ ਅਧਿਆਪਕਾਂ ਦੀ ਬੱਸ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਦੀ ਸਵੇਰ ਪੰਜਾਬ ’ਚ ਸਿੱਖਿਆ ਕ੍ਰਾਂਤੀ ਲਿਆਵੇਗੀ। ਉਹਨਾਂ ਕਿਹਾ ਕਿ ਸਿੰਗਾਪੁਰ ਵਿੱਚ ਪ੍ਰਿੰਸੀਪਲਾਂ ਦੀ ਸਿਖਲਾਈ ਲਈ ਅਕੈਡਮੀ ਹੈ ਜਿੱਥੇ ਜਾ ਕੇ ਇਹ ਆਧੁਨਿਕ ਪੜ੍ਹਾਈ ਦੀ ਟ੍ਰੇਨਿੰਗ ਲੈ ਕੇ ਆਉਣਗੇ ਅਤੇ ਆ ਕੇ ਆਪਣੇ ਸਹਿ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਗੇ।
ਦਸ ਦਈਏ ਕਿ ਪੰਜਾਬ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਵਿਦੇਸ਼ਾਂ ਵਿੱਚ ਅਧਿਆਪਕਾਂ ਦੀ ਸਿਖਲਾਈ ਲਈ ਬਣਾਈ ਇੱਕ ਯੋਜਨਾ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ। ਇਸ ਯੋਜਨਾ ਦੇ ਤਹਿਤ, ਸਕੂਲ ਸਿੱਖਿਆ ਵਿਭਾਗ, ਵਿੱਤੀ ਸਾਲ 2022-23 ਵਿੱਚ ਸਿੰਗਾਪੁਰ ਦੀ ਪ੍ਰਿੰਸੀਪਲ ਅਕੈਡਮੀ ਵਿੱਚ 36 ਪ੍ਰਿੰਸੀਪਲਾਂ ਦਾ ਇੱਕ ਬੈਚ ਅਤੇ 30 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੇ ਨਾਨਯਾਂਗ ਟੈਕਨੋਲੋਜੀਕਲ ਯੂਨੀਵਰਸਿਟੀ ਦੇ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਵਿੱਚ ਭੇਜਿਆ ਜਾਵੇਗਾ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਐਲਾਨ ਕੀਤਾ ਸੀ ਕਿ ਉਹ 36 ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਿੰਗਾਪੁਰ ਭੇਜਣਗੇ। ਇਹ ਅਧਿਆਪਕ ਅੱਜ ਸਿੰਗਾਪੁਰ ਲਈ ਰਵਾਨਾ ਹੋ ਗਏ ਹਨ, ਜੋ ਕਿ 6 ਤੋਂ 10 ਫਰਵਰੀ ਤੱਕ ਸਿੰਗਾਪੁਰ ‘ਚ ਪ੍ਰੋਫੈਸ਼ਨਲ ਟੀਚਿੰਗ ਟ੍ਰੇਨਿੰਗ ਸੈਮੀਨਾਰ ‘ਚ ਸ਼ਾਮਲ ਹੋਣਗੇ। 11 ਫਰਵਰੀ ਨੂੰ ਅਧਿਆਪਕਾਂ ਦਾ ਇਹ ਬੈਚੇ ਵਾਪਸ ਆ ਜਾਵੇਗਾ।