ਖਾਲਿਸਤਾਨ ਪੱਖੀ ਆਗੂ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰਨ ਲਈ ਤਿਆਰ ਹਨ। ਰਿਪੋਰਟਾਂ ਅਨੁਸਾਰ ਅੰਮ੍ਰਿਤਪਾਲ ਸਿੰਘ 10 ਫਰਵਰੀ 2023 ਯਾਨੀ ਕੱਲ੍ਹ ਵਿਆਹ ਕਰਵਾਉਣ ਜਾ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਅੰਮ੍ਰਿਤਪਾਲ ਸਿੰਘ ਦਾ ਵਿਆਹ ਯੂਕੇ ਸਥਿਤ ਐਨਆਰਆਈ ਪਿਆਰਾ ਸਿੰਘ ਦੀ ਬੇਟੀ ਕਿਰਨਦੀਪ ਕੌਰ ਨਾਲ ਸਿੱਖ ਰੀਤੀ-ਰਿਵਾਜਾਂ ਨਾਲ ਹੋਵੇਗਾ। ਸੂਤਰ ਦੱਸਦੇ ਹਨ ਕਿ ਅੰਮ੍ਰਿਤਪਾਲ ਸਿੰਘ ਦਾ ਵਿਆਹ ਨਕੋਦਰ ਵਿੱਚ ਹੋਵੇਗਾ, ਹਾਲਾਂਕਿ ਇਹ ਵਿਆਹ ਚੁੱਪ-ਚੁਪੀਤੇ ਹੋ ਰਿਹਾ ਹੈ ਅਤੇ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫਿਲਹਾਲ ਅੰਮ੍ਰਿਤਪਾਲ ਸਿੰਘ ਦੀ ਲਾੜੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।
ਦਸ ਦਈਏ ਕਿ ਜਨਵਰੀ ਵਿੱਚ, ਮੁਕਤਸਰ ‘ਚ ਰੱਖੇ ਇੱਕ ਸਮਾਗਮ ਦੌਰਾਨ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ। ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। 15 ਜਨਵਰੀ 2023 ਨੂੰ ਉਹ ਮੁਕਤਸਰ ਵਿੱਚ ਮਾਗੀ ਦੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸੀ। ਦੇਰ ਰਾਤ ਅੰਮ੍ਰਿਤਪਾਲ ਸਿੰਘ ਨੇ ਬੇਚੈਨੀ ਮਹਿਸੂਸ ਕਰਨ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ ਸੀ। ਡਾਕਟਰਾਂ ਨੇ ਲੱਛਣਾਂ ਦੇ ਆਧਾਰ ‘ਤੇ ਵੱਖ-ਵੱਖ ਟੈਸਟ ਕੀਤੇ ਅਤੇ ਉਨ੍ਹਾਂ ਮੁਤਾਬਕ ਰਿਪੋਰਟਾਂ ਪੂਰੀ ਤਰ੍ਹਾਂ ਠੀਕ ਹਨ।
ਇਥੇ ਦਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦਾ ਕੱਟੜ ਸਮਰਥਕ ਹੈ। 29 ਸਤੰਬਰ, 2022 ਨੂੰ, 29 ਸਾਲਾ ਅੰਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਦਾ ਪ੍ਰਧਾਨ ਬਣਿਆ। ‘ਵਾਰਿਸ ਪੰਜਾਬ ਦੇ’ ਇੱਕ ਅਹਿਜੀ ਸੰਸਥਾ ਹੈ ਜੋ ਮਰਹੂਮ ਪੰਜਾਬੀ ਅਭਿਨੇਤਾ ਦੀਪ ਸਿੱਧੂ ਦੁਆਰਾ ਸਥਾਪਿਤ ਕੀਤੀ ਗਈ ਸੀ, ਜਿਸਦਾ ਉਦੇਸ਼ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਅਤੇ ਸਮਾਜਿਕ ਮੁੱਦਿਆਂ ਨੂੰ ਉਠਾਉਣਾ ਸੀ।