ਯੋਗ ਗੁਰੂ ਬਾਬਾ ਰਾਮਦੇਵ ਕਿਸੇ ਨਾਲ ਕਿਸੇ ਕਾਰਨਾਂ ਕਰਕੇ ਵਿਵਾਦਾਂ ‘ਚ ਘਿਰੇ ਰਹਿੰਦੇ ਹਨ। ਇਕ ਵਾਰ ਫਿਰ ਉਹ ਸੁਰਖੀਆਂ ਵਿਚ ਆ ਗਏ ਹਨ। ਦਰਅਸਲ, ਮਾਮਲਾ ਕੁਝ ਇਸ ਤਰੀਕੇ ਦਾ ਹੈ ਕਿ ਇੱਕ ਪਾਸੇ ਤਾਂ ਅਡਾਨੀ ਗਰੁੱਪ ਮਗਰੋਂ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਸ਼ੇਅਰ ਲਗਾਤਾਰ ਡਿੱਗ ਰਹੇ ਹਨ, ਉੱਥੇ ਹੀ ਰਾਜਸਥਾਨ ਵਿੱਚ ਉਨ੍ਹਾਂ ਖਿਲਾਫ਼ ਨਫਰਤ ਭੜਕਾਉਣ ਦਾ ਕੇਸ ਦਰਜ ਹੋ ਗਿਆ ਹੈ। ਇਲਜ਼ਾਮ ਹੈ ਕਿ ਰਾਮਦੇਵ ਨੇ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਸੰਤਾਂ ਦੀ ਇੱਕ ਸਭਾ ਦੌਰਾਨ ਭੜਕਾਊ ਤਕਰੀਰਾਂ ਕੀਤੀਆਂ ਸੀ।
ਪੁਲਿਸ ਮੁਤਾਬਕ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਸੰਤਾਂ ਦੀ ਇੱਕ ਸਭਾ ਦੌਰਾਨ ਭੜਕਾਊ ਤਕਰੀਰਾਂ ਕਰ ਕੇ ਨਫਰਤ ਵਧਾਉਣ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਯੋਗ ਗੁਰੂ ਬਾਬਾ ਰਾਮਦੇਵ ਖ਼ਿਲਾਫ਼ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਬਾੜਮੇਰ ਜ਼ਿਲ੍ਹੇ ਦੇ ਚੌਹਟਨ ਥਾਣੇ ਵਿੱਚ ਇੱਕ ਸਥਾਨਕ ਵਿਅਕਤੀ ਪਠਾਈ ਖਾਨ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ। ਐਸਐਚਓ ਭੂਤਾਰਾਮ ਨੇ ਦੱਸਿਆ ਕਿ ਬਾਬਾ ਰਾਮਦੇਵ ਖ਼ਿਲਾਫ਼ ਧਾਰਾ 153ਏ, 295ਏ ਤੇ 298 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਬਾੜਮੇਰ ਵਿੱਚ ਸੰਤਾਂ ਦੀ ਇਕ ਸਭਾ ਵਿੱਚ ਬਾਬਾ ਰਾਮਦੇਵ ਨੇ ਹਿੰਦੂ ਧਰਮ ਦੀ ਤੁਲਨਾ ਇਸਲਾਮ ਤੇ ਈਸਾਈ ਧਰਮ ਨਾਲ ਕਰਦੇ ਹੋਏ ਮੁਸਲਮਾਨਾਂ ’ਤੇ ਅਤਿਵਾਦ ਦਾ ਸਹਾਰਾ ਲੈਣ ਤੇ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਸੀ। ਦਸਣਯੋਗ ਹੈ ਕਿ ਆਪਣੇ ਬਿਆਨਾਂ ਕਰਕੇ ਬਾਬਾ ਰਾਮਦੇਵ ਪਹਿਲਾਂ ਵੀ ਕਈ ਵਾਰ ਲੋਕਾਂ ਦੇ ਨਿਸ਼ਾਨੇ ‘ਤੇ ਆ ਚੁੱਕੇ ਹਨ।