ਪੰਜਾਬ ’ਚ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਇਕ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਸਿੱਖਿਆ ਸਹੂਲਤਾਵਾਂ ਵਧੀਆ ਮੁਹੱਈਆਂ ਕਰਵਾਂਗੇ ਜਿਸ ਦੇ ਤਹਿਤ ਹੁਣ ਮਾਨ ਸਰਕਾਰ ਇੱਕ ਹੋਰ ਗਾਰੰਟੀ ਪੂਰੀ ਕਰਨ ਜਾ ਰਹੀ ਹੈ, ਜਿਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕੀਤਾ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਇਕ ਵੀਡੀਓ ਜਾਰੀ ਕੀਤੀ ਜਿਸ ਵਿਚ ਉਹਨਾਂ ਦੱਸਿਆ ਹੈ ਕਿ ਟ੍ਰੇਨਿੰਗ ਦੇ ਲਈ ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸਿੱਖਿਆ ਦੇ ਖੇਤਰ ‘ਚ ਕ੍ਰਾਂਤੀਕਾਰੀ ਤਬਦੀਲੀਆਂ ਦੀ ਗਾਰੰਟੀ ਲੈ ਕੇ ਆਈ ਸੀ ਅਤੇ ਅਸੀਂ ਦਿਨ-ਰਾਤ ਇਕ ਕਰਕੇ ਇਸ਼ ਮਿਸ਼ਨ ‘ਤੇ ਲੱਗੇ ਹੋਏ ਹਾਂ। ਇਸ ਮਿਸ਼ਨ ਤਹਿਤ ਸਭ ਤੋਂ ਪਹਿਲਾਂ ਅਧਿਆਪਕ-ਮਾਪੇ ਮਿਲਣੀਆਂ ਸਕੂਲਾਂ ‘ਚ ਕਰਵਾਈਆਂ ਗਈਆਂ ਤਾਂ ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿਚਕਾਰ ਆਪਸੀ ਤਾਲਮੇਲ ਬਣਿਆ ਰਹੇ ਅਤੇ ਦੂਰੀ ਘਟੇ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਸ ਤੋਂ ਬਾਅਦ ਸਕੂਲ ਆਫ ਐਮੀਨੈਂਸ ਦਾ ਆਈਡੀਆ ਲਿਆਂਦਾ ਗਿਆ ਤਾਂ ਜੋ ਬੱਚੇ ਦੀ ਜਿਹੜੇ ਖੇਤਰ ‘ਚ ਦਿਲਚਸਪੀ ਹੈ, ਉਸ ਨੂੰ ਉਸੇ ਖੇਤਰ ‘ਚ ਮੁਹਾਰਤ ਹਾਸਲ ਕਰਵਾਈ ਜਾਵੇ। ਅਧਿਆਪਕ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਉਨ੍ਹਾਂ ਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਚੋਣਾਂ ਵੇਲੇ ਪ੍ਰਚਾਰ ਕਰ ਰਹੇ ਸੀ ਤਾਂ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਧੀਆ ਟ੍ਰੇਨਿੰਗ ਦੁਆ ਕੇ ਉਨ੍ਹਾਂ ਨੂੰ ਇੱਥੇ ਚੰਗੇ ਤਰੀਕੇ ਨਾਲ ਪੜ੍ਹਾਉਣ ਦੀ ਮੁਹਾਰਤ ਹਾਸਲ ਕਰਵਾਵਾਂਗੇ।
ਇਸ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਜਾ ਰਿਹਾ ਹੈ। ਇਹ ਅਧਿਆਪਕ 4 ਫਰਵਰੀ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਜਾ ਰਹੇ ਹਨ। 6 ਤੋਂ ਲੈ ਕੇ 10 ਫਰਵਰੀ ਤੱਕ ਇਨ੍ਹਾਂ ਅਧਿਆਪਕਾਂ ਦਾ ਪ੍ਰੋਫੈਸ਼ਨਲ ਟੀਚਿੰਗ ਟ੍ਰੇਨਿੰਗ ਸੈਮੀਨਾਰ ਹੋਵੇਗਾ, ਜਿੱਥੇ ਉਨ੍ਹਾਂ ਨੂੰ ਪੜ੍ਹਾਉਣ ਦੇ ਆਧੁਨਿਕ ਤਰੀਕੇ ਸਿਖਾਏ ਜਾਣਗੇ। 11 ਫਰਵਰੀ ਨੂੰ ਇਹ ਬੈਚ ਵਾਪਸ ਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਿੰਸੀਪਲਾਂ ਦੇ ਸਿੰਗਾਪੁਰ ਦੇ ਤਜੁਰਬੇ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਸੁਨਿਹਰਾ ਬਣਾਉਣ ‘ਚ ਮਦਦ ਮਿਲੇਗੀ।