ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਮਿਆਦ ਖ਼ਤਮ ਹੋਣ ਵਾਲੇ ਪੰਜਾਬ ਦੇ ਟੋਲ ਪਲਾਜ਼ੇ ਬੰਦ ਕਰਵਾ ਰਹੇ ਹਨ। ਇਸ ਦੌਰਾਨ ਉਹਨਾਂ ਨੇ ਇਕ ਸਮਾਗਮ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਇਕ ਹੋਰ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ 12 ਅਪ੍ਰੈਲ ਨੂੰ ਯਾਨੀ ਕੱਲ੍ਹ ਇਕ ਹੋਰ ਟੋਲ ਪਲਾਜ਼ਾ ਬੰਦ ਕੀਤਾ ਜਾਵੇਗਾ। ਬੀਤੇ ਕੱਲ੍ਹ ਇਕ ਰੈਲੀ ਨੂੰ ਸੰਬੋਧਨ ਕਰਦਿਆਂ CM ਮਾਨ ਨੇ ਕਿਹਾ ਕਿ ਉਹ ਪਰਸੋਂ ਜਾ ਕੇ ਯਾਨੀ 12 ਅਪ੍ਰੈਲ ਨੂੰ ਇਕ ਹੋਰ ਟੋਲ ਪਲਾਜ਼ੇ ਨੂੰ ਬੰਦ ਕਰਨਗੇ।
ਦਸ ਦਈਏ ਕਿ ਮੁੱਖ ਮੰਤਰੀ ਮਾਨ ਲੋਕਸਭਾ ਹਲਕਾ ਜਲੰਧਰ ਤੋਂ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ‘ਚ ਕਰਤਾਰਪੁਰ ਵਿਖੇ ਚੋਣ ਰੈਲੀ ਕਰ ਰਹੇ ਸੀ। ਇਸ ਦੌਰਾਨ ਸੰਬੋਧਨ ਵਿਚ CM ਮਾਨ ਨੇ ਕਿਹਾ ਕਿ 12 ਅਪ੍ਰੈਲ ਨੂੰ ਇਕ ਹੋਰ ਪਲਾਜ਼ੇ ਦੀ ਵਾਰੀ ਹੈ। ਉਹ ਆਪ ਜਾਣਗੇ ਤੇ ਪਟਿਆਲੇ ਵੱਲ ਟੋਲ ਪਲਾਜ਼ੇ ਨੂੰ ਬੰਦ ਕਰਵਾ ਕੇ ਆਉਣਗੇ। ਇਸ ਦੌਰਾਨ ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਟੋਲ ਪਲਾਜ਼ੇ ਪਹਿਲਾਂ ਵੀ ਬੰਦ ਹੋ ਸਕਦੇ ਸੀ, ਪਰ ਉਨ੍ਹਾਂ ਦਾ ਵੀ ਵਿਚ ਹਿੱਸਾ ਸੀ। ਟੋਲ ਪਲਾਜ਼ੇ ਵਾਲੇ 500 ਦਿਨ ਵਧਾਉਣ ਲਈ ਕਹਿੰਦੇ ਸੀ ਤਾਂ ਇਹ 600 ਦਿਨ ਵਧਾ ਕੇ ਕਹਿੰਦੇ ਸੀ 300 ਦਿਨ ਤੁਹਾਡਾ, 300 ਦਿਨ ਸਾਡਾ। ਆਪਣੇ ਹਿੱਸੇ ਦੇ 300 ਦਿਨਾਂ ਦੇ ਪੈਸੇ ਐਡਵਾਂਸ ਵਿਚ ਹੀ ਲੈ ਲੈਂਦੇ ਸੀ।
ਮੁੱਖ ਮੰਤਰੀ ਮਾਨ ਨੇ ਇਸ ਬਾਰੇ ਟਵੀਟ ਕਰਦਿਆਂ ਕਿਹਾ, “ਪਰਸੋਂ ਨੂੰ ਇਕ ਹੋਰ ਟੋਲ ਪਲਾਜ਼ੇ ਦੀ ਵਾਰੀ ਹੈ। 8 ਪਹਿਲਾਂ ਅਸੀਂ ਬੰਦ ਕਰ ਚੁੱਕੇ ਹਾਂ। ਪਹਿਲਾਂ ਵਾਲੇ ਟੋਲ ਕੰਪਨੀਆਂ ਨਾਲ ਰਲੇ ਹੁੰਦੇ ਸੀ ਤਾਹੀਓਂ ਪੰਜਾਬੀਆਂ ਦੇ ਪੈਸੇ ਦੀ ਲੁੱਟ ਜਾਰੀ ਰਹੀ। ਹੁਣ ਇਹ ਲੁੱਟ ਬਿਲਕੁੱਲ ਬੰਦ ਕਰ ਦੇਵਾਂਗੇ।”