ਟੈਕਸ ਚੋਰੀ ਦੀ ਜਾਂਚ ਨੂੰ ਲੈਕੇ ਇਨਕਮ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ (BBC) ਦਫ਼ਤਰਾਂ ਵਿੱਚ ਇੱਕ ‘ਸਰਵੇ ਆਪ੍ਰੇਸ਼ਨ’ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਵਿਭਾਗ, ਕੰਪਨੀ ਦੇ ਕਾਰੋਬਾਰੀ ਸੰਚਾਲਨ ਅਤੇ ਇਸ ਦੀ ਭਾਰਤੀ ਇਕਾਈ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਬੀਬੀਸੀ ਦਫ਼ਤਰ ਵਿੱਚ ਮੌਜੂਦ ਸਾਰੇ ਮੁਲਾਜ਼ਮਾਂ ਦੇ ਮੋਬਾਈਲ ਫ਼ੋਨ ਜ਼ਬਤ ਕਰ ਲਏ ਗਏ ਅਤੇ ਪੁੱਛਗਿਛ ਵੀ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਲੇਖਾ ਦਫ਼ਤਰ ਵਿੱਚ ਰੱਖੇ ਕੰਪਿਊਟਰ ਦੇ ਡੇਟਾ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਜਲਦ ਹੀ ਇਸ ਸਰਵੇ ਬਾਰੇ ਰਸਮੀ ਤੌਰ ‘ਤੇ ਜਾਣਕਾਰੀ ਦੇਵੇਗਾ। ਇਸ ਦੌਰਾਨ ਕਾਂਗਰਸ ਨੇ ਬੀਬੀਸੀ ਦਫ਼ਤਰ ‘ਤੇ ਇਨਕਮ ਟੈਕਸ ਵਿਭਾਗ ਦੇ ਸਰਵੇ ਨੂੰ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ, ‘ਪਹਿਲਾਂ ਬੀਬੀਸੀ ਦੀ ਡਾਕੂਮੈਂਟਰੀ ‘ਤੇ ਪਾਬੰਦੀ ਲਗਾ ਦਿੱਤੀ ਗਈ। ਹੁਣ ਬੀਬੀਸੀ ‘ਤੇ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਗਈ ਹੈ। ਅਣ-ਐਲਾਨੀ ਐਮਰਜੈਂਸੀ…। ਦੱਸ ਦਈਏ ਕਿ ਬੀਬੀਸੀ ਦੁਆਰਾ 2002 ਦੇ ਗੁਜਰਾਤ ਦੰਗਿਆਂ ਬਾਰੇ ਡਾਕੂਮੈਂਟਰੀ ਪ੍ਰਸਾਰਿਤ ਕੀਤੇ ਜਾਣ ਤੋਂ ਹਫ਼ਤੇ ਬਾਅਦ ਇਹ ਕਾਰਵਾਈ ਹੋਈ ਹੈ।