ਓਡੀਸ਼ਾ ਦੇ ਬਾਲਾਸੋਰ ‘ਚ ਤਿੰਨ ਰੇਲਗੱਡੀਆਂ ਨਾਲ ਵਾਪਰੇ ਦਰਦਨਾਕ ਹਾਦਸੇ ਤੋਂ ਕਰੀਬ ਇਕ ਮਹੀਨੇ ਬਾਅਦ ਦੱਖਣੀ ਪੂਰਬੀ ਰੇਲਵੇ ਦੀ ਜਨਰਲ ਮੈਨੇਜਰ ਅਰਚਨਾ ਜੋਸ਼ੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਅਰਚਨਾ ਦੀ ਜਗ੍ਹਾ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਅਨਿਲ ਕੁਮਾਰ ਮਿਸ਼ਰਾ ਨੂੰ ਦੱਖਣੀ ਪੂਰਬੀ ਰੇਲਵੇ ਦੇ ਜਨਰਲ ਮੈਨੇਜਰ ਵਜੋਂ ਅਹੁਦਾ ਸੰਭਾਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਰੇਲਵੇ ਦੇ ਇਸ ਜ਼ੋਨ ਤਹਿਤ ਆਉਣ ਵਾਲੇ ਓਡੀਸ਼ਾ ਦੇ ਬਾਲਾਸੋਰ ਜ਼ਿਲੇ ‘ਚ 2 ਜੂਨ ਨੂੰ ਤਿੰਨ ਟਰੇਨਾਂ ਵਿਚਾਲੇ ਟੱਕਰ ਹੋ ਗਈ ਸੀ। ਜਿਸ ‘ਚ 290 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ 1000 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।
ਭਾਰਤੀ ਰੇਲਵੇ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, “ਬਾਲਾਸੋਰ ਰੇਲ ਹਾਦਸੇ ਤੋਂ ਬਾਅਦ, ਦੱਖਣ ਪੂਰਬੀ ਰੇਲਵੇ ਦੀ ਜਨਰਲ ਮੈਨੇਜਰ ਅਰਚਨਾ ਜੋਸ਼ੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਅਨਿਲ ਕੁਮਾਰ ਮਿਸ਼ਰਾ ਨੂੰ ਦੱਖਣ ਪੂਰਬੀ ਰੇਲਵੇ ਦਾ ਨਵਾਂ ਜਨਰਲ ਮੈਨੇਜਰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਰੇਲਵੇ ਬੋਰਡ ਦੀ ਸਿਫ਼ਾਰਸ਼ ‘ਤੇ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਅਰਚਨਾ ਜੋਸ਼ੀ ਦੇ ਅਹੁਦੇ ‘ਤੇ ਅਨਿਲ ਕੁਮਾਰ ਮਿਸ਼ਰਾ ਨੂੰ ਦੱਖਣ ਪੂਰਬੀ ਰੇਲਵੇ ਦਾ ਜਨਰਲ ਮੈਨੇਜਰ ਨਿਯੁਕਤ ਕੀਤਾ ਹੈ। ਦਸ ਦਈਏ ਕਿ ਮਿਸ਼ਰਾ ਇੰਡੀਅਨ ਰੇਲਵੇ ਸਰਵਿਸ ਆਫ਼ ਇਲੈਕਟ੍ਰੀਕਲ ਇੰਜੀਨੀਅਰਜ਼ ਦਾ ਅਧਿਕਾਰੀ ਹੈ। ਭਾਰਤੀ ਰੇਲਵੇ ਟ੍ਰੈਫਿਕ ਸੇਵਾ (IRTS) ਦੇ 1985 ਬੈਚ ਦੇ ਅਧਿਕਾਰੀ, ਜੋਸ਼ੀ ਨੇ 30 ਜੁਲਾਈ, 2021 ਨੂੰ ਦੱਖਣੀ ਪੂਰਬੀ ਰੇਲਵੇ ਦੇ ਜਨਰਲ ਮੈਨੇਜਰ ਵਜੋਂ ਅਹੁਦਾ ਸੰਭਾਲਿਆ।
ਇਸ ਦੌਰਾਨ, ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਤਿੰਨ ਰੇਲਗੱਡੀਆਂ ਦੀ ਟੱਕਰ ਤੋਂ ਬਾਅਦ ਭੁਵਨੇਸ਼ਵਰ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ 52 ਲਾਸ਼ਾਂ ਦੀ ਪਛਾਣ ਹੋਣੀ ਬਾਕੀ ਹੈ। ਭੁਵਨੇਸ਼ਵਰ ਮਿਉਂਸਪਲ ਕਾਰਪੋਰੇਸ਼ਨ ਦੀ ਮੇਅਰ ਸੁਲੋਚਨਾ ਦਾਸ ਨੇ ਏਐਨਆਈ ਨੂੰ ਦੱਸਿਆ, “ਏਮਜ਼ ਭੁਵਨੇਸ਼ਵਰ ਵਿੱਚ 81 ਲਾਸ਼ਾਂ ਹਨ, ਅਤੇ ਇੱਕ ਹੀ ਲਾਸ਼ ਲਈ ਕਈ ਦਾਅਵਿਆਂ ਕਾਰਨ, ਅਸੀਂ ਉਨ੍ਹਾਂ ਦੇ ਨਮੂਨੇ ਡੀਐਨਏ ਟੈਸਟ ਲਈ ਭੇਜੇ ਹਨ। ਉਨ੍ਹਾਂ ਵਿੱਚੋਂ, 29 ਨਮੂਨਿਆਂ ਦੀ ਪੁਸ਼ਟੀ ਹੋਈ ਹੈ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ/ ਦਾਅਵੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।”