ਜਿਨਸੀ ਸੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦਿੱਲੀ ਦੇ ਜੰਤਰ-ਮੰਤਰ ਵਿਖੇ ਸ਼ੁਰੂ ਹੋਏ ਪਹਿਲਵਾਨਾਂ ਦੇ ਪ੍ਰਦਰਸ਼ਨ ‘ਚ ਮੁੱਖ ਚਿਹਰਿਆਂ ‘ਚੋਂ ਇਕ ਰਹੀ ਓਲੰਪਿਕ ਪਹਿਲਵਾਨ ਸਾਕਸ਼ੀ ਮਲਿਕ ਦੇ ਪ੍ਰਦਰਸ਼ਨ ਤੋਂ ਕਿਨਾਰਾ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਸਾਕਸ਼ੀ ਮਲਿਕ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਹਟ ਗਈ ਹੈ। ਜਿਵੇਂ ਹੀ ਸਾਕਸ਼ੀ ਨੇ ਪਹਿਲਵਾਨ ਅੰਦੋਲਨ ਤੋਂ ਆਪਣਾ ਨਾਂ ਵਾਪਸ ਲਿਆ, ਉਸ ਨੇ ਤੁਰੰਤ ਆਪਣੀ ਰੇਲਵੇ ਦੀ ਨੌਕਰੀ ਜੁਆਇਨ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਪਹਿਲਵਾਨਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਹੋਈ, ਜਿਸ ਵਿਚ ਅਮਿਤ ਸ਼ਾਹ ਨੇ ਸਹੀ ਜਾਂਚ ਦਾ ਭਰੋਸਾ ਦਿੱਤਾ ਸੀ। ਪਰ ਹੁਣ ਇਹਨਾਂ ਨਸ਼ਰ ਹੋ ਰਹੀਆਂ ਖ਼ਬਰਾਂ ਨੂੰ ਲੈਕੇ ਪਹਿਲਵਾਨ ਸਾਕਸ਼ੀ ਮਲਿਕ ਦਾ ਬਿਆਨ ਸਾਹਮਣੇ ਆਇਆ ਹੈ। ਟਵੀਟ ਜਾਰੀ ਕਰਦਿਆਂ ਪਹਿਲਵਾਨ ਸਾਕਸ਼ੀ ਨੇ ਕਿਹਾ, “ਇਹ ਖਬਰ ਬਿਲਕੁਲ ਗਲਤ ਹੈ। ਇਨਸਾਫ਼ ਦੀ ਲੜਾਈ ਵਿੱਚ ਸਾਡੇ ਵਿੱਚੋਂ ਕੋਈ ਵੀ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਪਿੱਛੇ ਹਟੇਗਾ। ਸੱਤਿਆਗ੍ਰਹਿ ਦੇ ਨਾਲ-ਨਾਲ ਮੈਂ ਰੇਲਵੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹਾਂ। ਇਨਸਾਫ਼ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ। ਕਿਰਪਾ ਕਰਕੇ ਕੋਈ ਵੀ ਗਲਤ ਖਬਰ ਨਾ ਫੈਲਾਓ।”
ਦੱਸ ਦੇਈਏ ਕਿ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦੀ ਅਗਵਾਈ ‘ਚ ਸਾਰੇ ਪਹਿਲਵਾਨਾਂ ਨੇ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਮੋਰਚਾ ਖੋਲ੍ਹਿਆਂ ਹੋਇਆ ਸੀ। ਇਹ ਪਹਿਲਵਾਨ 23 ਅਪ੍ਰੈਲ ਤੋਂ ਜੰਤਰ-ਮੰਤਰ ਵਿਖੇ ਧਰਨਾ ਦੇ ਰਹੇ ਸਨ। ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ।