ਹਿਮਾਚਲ ਪ੍ਰਦੇਸ਼ ‘ਚ ਕੁੱਲੂ ਜ਼ਿਲੇ ਦੀ ਮਣੀਕਰਨ ਘਾਟੀ ‘ਚ ਸਥਿਤ ਮਲਾਨਾ ਹਾਈਡ੍ਰੋ ਪਾਵਰ ਪ੍ਰੋਜੈਕਟ ਪੜਾਅ-2 ਮੁਸੀਬਤ ‘ਚ ਹੈ। ਗਾਰੇ ਕਾਰਨ ਡੈਮ ਦੇ ਗੇਟ ਬੰਦ ਹੋ ਗਏ ਹਨ, ਜਿਸ ਕਾਰਨ ਡੈਮ ਦਾ ਪਾਣੀ ਓਵਰਫਲੋ ਹੋ ਰਿਹਾ ਹੈ ਅਤੇ ਸਾਰਾ ਪਾਣੀ ਹੁਣ ਡੈਮ ਦੇ ਉਪਰੋਂ ਵਹਿ ਰਿਹਾ ਹੈ। ਬੰਨ੍ਹ ਉਪਰੋਂ ਪਾਣੀ ਵਹਿਣ ਕਾਰਨ ਇਸ ਦੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ। ਬੰਨ੍ਹ ਦੇ ਕਿਨਾਰੇ ਤੋੜ ਕੇ ਪਾਣੀ ਛੱਡਿਆ ਜਾ ਰਿਹਾ ਹੈ। ਕਿਨਾਰਿਆਂ ਤੋਂ ਨਿਕਲ ਰਹੇ ਪਾਣੀ ਨਾਲ ਹੀ ਇਸਦੇ ਟੁੱਟਣ ਦਾ ਖਤਰਾ ਵੱਧ ਗਿਆ ਹੈ ਕਿਉਂਕਿ ਬੰਨ੍ਹ ਦੇ ਕਿਨਾਰੇ ਕੱਚੀ ਮਿੱਟੀ ਹੈ।
ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਡੈਮ ਫਟਣ ਦੀ ਸੰਭਾਵਨਾ ਦੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਨੂੰ ਅਲਰਟ ਜਾਰੀ ਕੀਤਾ ਹੈ ਅਤੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ੍ਹ ਤੋਂ ਭੁੰਤਰ ਤੱਕ ਦਰਿਆ ਦੇ ਕੰਢੇ ਰਹਿੰਦੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਹੈ, ਤਾਂ ਜੋ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਡੀਸੀ ਕੁੱਲੂ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਮਲਾਨਾ ਹਾਈਡਰੋ ਪਾਵਰ ਸਟੇਜ-2 ਡੈਮ ਦੇ ਗੇਟ ਬਲਾਕ ਹੋਣ ਕਾਰਨ ਪਾਣੀ ਓਵਰਫਲੋ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੰਪਨੀ ਪ੍ਰਬੰਧਕਾਂ ਨਾਲ ਗੱਲ ਕੀਤੀ ਹੈ। ਗੇਟ ਬਲਾਕ ਹੋਣ ਕਾਰਨ ਉਹ ਇਸ ਨੂੰ ਓਪਰੇਟ ਨਹੀਂ ਕਰ ਪਾ ਰਹੇ। ਉਹਨਾਂ ਕਿਹਾ ਕਿ ਮਲਾਨਾ ਨਦੀ ਦਾ ਪਾਣੀ ਭੁੰਤਰ ਵਿੱਚ ਆ ਕੇ ਬਿਆਸ ਵਿੱਚ ਮਿਲੇਗਾ। ਅਜਿਹੇ ‘ਚ ਜੇਕਰ ਬੰਨ੍ਹ ਟੁੱਟਦਾ ਹੈ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵਧ ਜਾਵੇਗਾ। ਹਾਲਾਂਕਿ ਡੈਮ ਵਿੱਚ ਪਾਣੀ ਦੀ ਮਾਤਰਾ 30 ਕਿਊਸਿਕ ਹੈ। ਅਜਿਹੇ ‘ਚ ਚਿੰਤਾ ਦੀ ਕੋਈ ਗੱਲ ਨਹੀਂ ਹੈ। ਪਾਵਰ ਪ੍ਰੋਜੈਕਟ ਅਥਾਰਟੀ ਨੂੰ ਜਲਦੀ ਹੀ ਗੇਟ ਓਪਰੇਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ।
ਦਸ ਦਈਏ ਕਿ ਮਲਾਨਾ-2 ਡੈਮ ਉੱਚੀ ਪਹਾੜੀ ‘ਤੇ ਬਣਿਆ ਹੈ। ਇਸ ਕਾਰਨ ਮਲਾਨਾ ਨਾਲੇ ’ਤੇ ਲੋਕਾਂ ਦੇ ਕਈ ਘਰ ਅਤੇ ਜ਼ਮੀਨਾਂ ਹਨ। ਜਰੀ ਤੋਂ ਭੁੰਤਰ ਬਜੌਰਾ ਅਤੇ ਪੰਡੋਹ ਡੈਮ ਤੱਕ ਬਿਆਸ ਦਰਿਆ ਦੇ ਨਾਲ-ਨਾਲ ਸੈਂਕੜੇ ਰਿਹਾਇਸ਼ੀ ਇਲਾਕੇ ਹਨ। ਅਜਿਹੇ ‘ਚ ਅਲਰਟ ਜਾਰੀ ਕੀਤਾ ਗਿਆ ਹੈ।