ਪੰਜਾਬ ਦੇ ਗੁਰਦਾਸਪੁਰ ‘ਚ ਡੇਰਾ ਬਾਬਾ ਨਾਨਕ ਵਿਖੇ ਬਣੇ ਕਰਤਾਰਪੁਰ ਲਾਂਘੇ ਦੇ ਆਲੇ-ਦੁਆਲੇ ਰਾਵੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਪਾਣੀ ‘ਚ ਡੁੱਬ ਗਈ ਹੈ। ਪਾਕਿਸਤਾਨ ਵਿੱਚ ਬਣੇ ਧੁੱਸੀ ਬੰਨ੍ਹ ਦੇ ਟੁੱਟਣ ਕਾਰਨ ਇਹ ਸਥਿਤੀ ਪੈਦਾ ਹੋ ਰਹੀ ਹੈ। ਸਰਹੱਦ ‘ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਸਥਿਤੀ ‘ਤੇ ਨਜ਼ਰ ਰੱਖ ਰਹੇ ਹੈ। ਹਾਲਾਤ ਦੇ ਮੱਦੇਨਜ਼ਰ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਯਾਤਰਾ ਨੂੰ ਬੰਦ ਕਰ ਦਿੱਤਾ ਗਿਆ ਹੈ। ਡੀਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੌਸਮ ਦੀ ਸਥਿਤੀ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਯਾਤਰਾ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ।
ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਉੱਜ ਡੈਮ ਤੋਂ ਰਾਵੀ ਵਿੱਚ ਛੱਡਿਆ ਗਿਆ 2.50 ਲੱਖ ਕਿਊਸਿਕ ਪਾਣੀ ਅੱਜ ਮਾਝੇ ਵਿੱਚ ਤਬਾਹੀ ਮਚਾ ਸਕਦਾ ਹੈ। ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਇਲਾਵਾ ਪਾਕਿਸਤਾਨ ਦੇ ਪੰਜਾਬ ‘ਚ ਵੀ ਇਸ ਦਾ ਅਸਰ ਪਵੇਗਾ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਮਾਝੇ ਦੇ 3 ਜ਼ਿਲਿਆਂ ‘ਚ ਅਲਰਟ ਜਾਰੀ ਕਰ ਦਿੱਤਾ ਹੈ। ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਵੀ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।
ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੇਰ ਰਾਤ ਤੱਕ ਰਾਵੀ ਦੇ ਆਲੇ-ਦੁਆਲੇ ਲਾਮਬੰਦ ਰਿਹਾ। ਮੰਤਰੀ ਕੁਲਦੀਪ ਧਾਲੀਵਾਲ, ਡੀਸੀ ਅੰਮ੍ਰਿਤਸਰ ਅਮਿਤ ਤਲਵਾੜ ਅਤੇ ਗੁਰਦਾਸਪੁਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਅਤੇ ਫੌਜ ਦੇ ਜਵਾਨ ਰਾਵੀ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਖਤਰੇ ਨਾਲ ਨਜਿੱਠਣ ਲਈ ਪ੍ਰਬੰਧ ਕਰਦੇ ਰਹੇ। ਇਸ ਦੇ ਨਾਲ ਹੀ ਤਰਨਤਾਰਨ ‘ਚ ਬਿਆਸ ‘ਤੇ ਧੁੱਸੀ ਬੰਨ੍ਹ ਇਕ ਵਾਰ ਫਿਰ ਟੁੱਟ ਗਿਆ, ਜਿਸ ਕਾਰਨ ਹਜ਼ਾਰਾਂ ਏਕੜ ਖੜ੍ਹੀ ਫਸਲ ਪਾਣੀ ‘ਚ ਡੁੱਬ ਗਈ।
ਦਸ ਦਈਏ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1648 ਫੁੱਟ ਤੱਕ ਪਹੁੰਚ ਗਿਆ ਹੈ। ਪਿਛਲੇ ਇੱਕ ਦਿਨ ਵਿੱਚ ਪਾਣੀ ਦੇ ਪੱਧਰ ਵਿੱਚ ਤਿੰਨ ਫੁੱਟ ਦਾ ਵਾਧਾ ਦੇਖਿਆ ਗਿਆ ਹੈ। ਜਦੋਂ ਕਿ ਇੱਥੇ ਆਊਟ ਫਲੋਅ 33354 ਕਿਊਸਿਕ ਹੈ ਜੋ ਕਿ ਪਿਛਲੇ ਦਿਨਾਂ ਨਾਲੋਂ ਕਰੀਬ 10 ਹਜ਼ਾਰ ਕਿਊਸਿਕ ਵੱਧ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨੰਗਲ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਪੱਧਰ ਤੋਂ ਸਿਰਫ਼ 2 ਫੁੱਟ ਹੇਠਾਂ ਰਹਿ ਗਿਆ ਹੈ। ਇੱਥੇ ਵੀਰਵਾਰ ਨੂੰ ਪਾਣੀ ਦਾ ਪੱਧਰ 1152 ਫੁੱਟ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਹਾਈਡ੍ਰਲ ਚੈਨਲ ਤੋਂ 10150 ਕਿਊਸਿਕ, ਨੰਗਲ ਚੈਨਲ ਤੋਂ 12350 ਕਿਊਸਿਕ ਅਤੇ ਸਤਲੁਜ ਡਾਊਨ ਸਟ੍ਰੀਮ ਤੋਂ 12500 ਕਿਊਸਿਕ ਪਾਣੀ ਛੱਡਿਆ ਗਿਆ ਹੈ।