ਇਸ ਵੇਲੇ ਦੀ ਵੱਡੀ ਖ਼ਬਰ ਗੁਰਦਾਸਪੁਰ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਨਾਲ ਜੁੜੀ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਪੁਲਿਸ ਨੇ ਕਾਂਗਰਸ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਖਿਲਾਫ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਗੁਰਦਾਸਪੁਰ ਦੇ ਪਿੰਡ ਪਾਹੜਾ ‘ਚ 25 ਸਾਲ ਦੇ ਨੌਜਵਾਨ ਸ਼ੁਭਮ ਦਾ ਕਤਲ ਹੋਇਆ ਸੀ ਅਤੇ ਉਸਦੀ ਲਾਸ਼ ਖੇਤਾਂ ‘ਚੋਂ ਮਿਲੀ ਸੀ। ਇਹ ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਸੀ ਜਿਸ ਵਿਚ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਦਾ ਨਾਮ ਨਾਮਜ਼ਦ ਹੋਣ ਤੋਂ ਬਾਅਦ ਪੁਲਿਸ ਨੇ ਉਹਨਾਂ ‘ਤੇ 302 ਤਹਿਤ ਕਤਲ ਦਾ ਪਰਚਾ ਦਰਜ ਕੀਤਾ।
ਪੁਲਿਸ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਵੀਨਾ ਜੋ ਮ੍ਰਿਤਕ ਨੌਜਵਾਨ ਦੀ ਮਾਤਾ ਹੈ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਦੋਸ਼ੀਆਂ ਨੂੰ ਉਨ੍ਹਾਂ ਨਾਲ ਰਾਜ਼ੀਨਾਮਾ ਨਾ ਕਰਨ ਲਈ ਉਕਸਾ ਰਹੇ ਸਨ ਅਤੇ ਦੋਸ਼ੀਆਂ ਨੂੰ ਸ਼ਹਿ ਦੇ ਰਹੇ ਸਨ। ਗੁਰਮੀਤ ਸਿੰਘ ਪਾਹੜਾ ਸਮੇਤ ਕੁੱਲ 6 ਵਿਅਕਤੀ ਜਿੰਨਾਂ ਵਿੱਚ ਇਕ ਔਰਤ ਵੀ ਸ਼ਾਮਲ ਹੈ ਮਾਮਲੇ ਵਿੱਚ ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਨੌਜਵਾਨ ਸੁਭਮ ਦੀ ਮਾਤਾ ਵੀਨਾ ਨੇ ਦੱਸਿਆ ਹੈ ਕਿ ਉਸ ਦੇ ਲੜਕੇ ਸੁਭਮ ਮੋਟੂ ਜਿਸਦੀ ਉਮਰ ਕ੍ਰੀਬ 25 ਸਾਲ ਸੀ ਅਤੇ ਉਹ ਲੱਕੜ ਦਾ ਕੰਮ ਕਰਦਾ ਸੀ। 7 ਮਈ ਨੂੰ ਉਹ ਅਤੇ ਉਸਦਾ ਲੜਕਾ ਸੁਭਮ ਮੋਟੂ ਆਪਣੇ ਘਰ ਮੌਜੂਦ ਸੀ ਕਿ ਕਰੀਬ 8.00 ਸ਼ਾਮ ਬੋਬੀ ਪੁੱਤਰ ਸਿੰਦਾ ਵਾਸੀ ਪਾਹੜਾ ਉਨ੍ਹਾਂ ਦੇ ਘਰ ਆਇਆ ਅਤੇ ਉਸਦੇ ਲੜਕੇ ਸੁਭਮ ਨੂੰ ਆਪਣੇ ਨਾਲ ਲੈ ਗਿਆ ਜੋ ਰਾਤ ਘਰ ਵਾਪਿਸ ਨਹੀ ਆਇਆ। ਅਗਲੇ ਦਿਨ ਸਵੇਰੇ ਕਰੀਬ ਸਾਢੇ ਛੇ ਵਜੇ ਪਿੰਡ ਦੇ ਦੋ ਵਿਅਕਤੀਆਂ ਨੇ ਉਸ ਦੇ ਘਰ ਆ ਕੇ ਦੱਸਿਆ ਕਿ ਸੁਭਮ ਮੋਟੂ ਦੀ ਲਾਸ਼ ਪਿੰਡ ਵਿਚ ਹੀ ਕਿਸੇ ਦੇ ਖੇਤ ਵਿੱਚ ਪਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਲੜਕੇ ਸੁਭਮ ਮੋਟੂ ਦੇ ਸਬੰਧ ਪਿੰਡ ਦੀ ਹੀ ਇੱਕ ਲੜਕੀ ਨਾਲ ਸਨ। ਇਸ ਰੰਜਿਸ ਵਿੱਚ ਆ ਕੇ ਉਸ ਦੇ ਭਰਾ ਪਿਉ ਅਤੇ ਹੋਰਾਂ ਨੇ ਸੁਭਮ ਮੋਟੂ ਨੂੰ ਕੁੱਟ ਮਾਰ ਕਰਕੇ ਜਾਨੋ ਮਾਰ ਦਿੱਤਾ ਹੈ। ਮਾਮਲੇ ਵਿੱਚ ਥਾਂਣਾ ਤਿਬੜ ਦੀ ਪੁਲਿਸ ਵੱਲੋਂ ਲੜਕੀ ਦੇ ਭਰਾ ਬੋਬੀ ਪੁੱਤਰ ਸ਼ਿੰਦਾ ਉਸ ਦੇ ਪਿਤਾ ਸ਼ਿੰਦਾ ਪੁੱਤਰ ਬੱਚਨ ਲਾਲ ਅਤੇ 4 ਹੋਰ ਰਾਜੂ ,ਲਾਵਾ ਪੁੱਤਰਾਂਨ ਹਜਾਰਾ ਲਾਲ ,ਕੁਲਵਿੰਦਰ ਪਤਨੀ ਰਾਜੂ ਅਤੇ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਨਾਮਜਦ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਗੁਰਮੀਤ ਸਿੰਘ ਮੌਜੂਦਾ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਦੇ ਪਿਤਾ ਹਨ। ਹਾਲਾਂਕਿ ਵਿਧਾਇਕ ਅਤੇ ਉਨ੍ਹਾਂ ਦਾ ਪਰਿਵਾਰ ਮਾਮਲੇ ਫਿਲਹਾਲ ਕੋਈ ਪ੍ਰਤੀਕ੍ਰਿਆ ਦੇਣ ਲਈ ਤਿਆਰ ਨਹੀਂ ਹਨ ਕਿਉਂਕਿ ਵਾਰ-ਵਾਰ ਫੋਨ ਕੀਤੇ ਜਾਣ ਤੇ ਵੀ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਜਾ ਰਿਹਾ ਹੈ।