ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਤਾਜ਼ਾ ਮਾਮਲਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਜੁੜਿਆ ਸਾਹਮਣੇ ਆਇਆ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਸੋਸ਼ਲ ਮੀਡੀਆ ’ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰੇ ਕੁਮੈਂਟ ਵਿਚ ਇਹ ਲਿਖਿਆ ਗਿਆ ਹੈ ਕਿ “ਤੂੰ ਜਿੱਦਾਂ ਮਰਜੀ ਆਇਆ ਹੋਵੇਂ… ਗੋਲੀ ਤੇਰੇ ਸਿੱਧਾ ਮੱਥੇ ‘ਚ ਵੱਜਣੀ ਆ.. ਤਿਆਰ.. ਹੋਜਾ ਪੁੱਤ..”।
ਇਸ ਦੀ ਜਾਣਕਾਰੀ ਖੁਦ ਵਿਧਾਇਕ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਧਮਕੀ ਦੀ ਕਟਿੰਗ ਸ਼ੇਅਰ ਕਰਦਿਆਂ ਲਿਖਿਆ ਕਿ ਇੰਸਟਾਗ੍ਰਾਮ ’ਤੇ ਇਕ ਰਾਜ ਗਰੇਵਾਲ ਦੁਆਰਾ ਮੈਨੂੰ ਸਿੱਧੀ ਧਮਕੀ ਦਿੱਤੀ ਗਈ ਹੈ ਕਿ ਮੈਂ ਕਿਤੇ ਵੀ ਭੱਜ ਸਕਦਾ ਹਾਂ, ਮੈਨੂੰ ਮੱਥੇ ’ਤੇ ਗੋਲ਼ੀ ਮਾਰ ਦਿੱਤੀ ਜਾਵੇਗੀ। ਖਹਿਰਾ ਨੇ ਆਖਿਆ ਕਿ ਮੈਂ ਪਹਿਲਾਂ ਹੀ ਜਨਤਕ ਡੋਮੇਨ ’ਚ ਲਿਆਇਆ ਹੈ ਕਿ ਭਗਵੰਤ ਮਾਨ ਸਰਕਾਰ ਮੇਰੇ ਜਾਂ ਹੋਰ ਕਾਂਗਰਸੀ ਨੇਤਾਵਾਂ ਨੂੰ ਕਿਸੇ ਵੀ ਸਰੀਰਕ ਨੁਕਸਾਨ ਲਈ ਜ਼ਿੰਮੇਵਾਰ ਹੋਵੇਗੀ।