ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸਲ ਮੀਡੀਆ ’ਤੇ ਵੀਡੀਓ ਜਾਰੀ ਕਰਦਿਆਂ ਕਿਹਾ ਮੈਨੂੰ ਹੁਣੇ ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਗਵੰਤ ਮਾਨ ਨੇ ਨਫ਼ਰਤ ਦੀ ਭਾਵਨਾ ਰੱਖਦਿਆਂ ਮੇਰੇ ਖਿਲਾਫ ਇੱਕ ਸਰਾਸਰ ਝੂਠਾ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦੇ ਕੇ ਮੈਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਭੇਜੀਆਂ ਹਨ, ਕਿਸੇ ਸਮੇਂ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਨੂੰ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੈਬਨਿਟ ਮੰਤਰੀ ਕਟਾਰੂਚੱਕ ਖਿਲਾਫ ਆਵਾਜ਼ ਉਠਾਉਣ ਤਹਿਤ ਮੇਰੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖਹਿਰਾ ਨੇ ਉਮੀਦ ਜਤਾਈ ਕਿ ਆਮ ਲੋਕ ਅਤੇ ਉਹਨਾਂ ਦੀ ਪਾਰਟੀ ਆਗੂ ਉਹਨਾਂ ਨਾਲ ਖੜਣਗੇ।
ਉਥੇ ਹੀ ਦੂਜੇ ਪਾਸੇ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ‘ਤੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਸਾਂਸਦ ਬਿੱਟੂ ਨੇ ਵੀਡੀਓ ਜਾਰੀ ਕਰਦਿਆਂ ਸਵਾਲ ਕੀਤਾ ਕਿ ਖਹਿਰਾ ਨੇ ਜੋ ਵੀਡੀਓ ਰਾਜਪਾਲ ਨੂੰ ਸੌਂਪੀ ਹੈ ਉਹ ਤਾਂ ਹਾਲੇ ਨਸ਼ਰ ਵੀ ਨਹੀਂ ਹੋਈ ਤਾਂ ‘ਆਪ’ ਵਾਲਿਆਂ ਨੂੰ ਘਬਰਾਹਟ ਕਿਉਂ ਹੋ ਰਹੀ ਹੈ। ਇਸ ਦੌਰਾਨ ਬਿੱਟੂ ਨੇ ਕੇਜਰੀਵਾਲ ਨੂੰ ਤਾਨਾਸ਼ਾਹ ਕਹਿ ਕੇ ਨਿਸ਼ਾਨੇ ਸਾਧੇ ਹਨ। ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਬੇਇਨਸਾਫ਼ੀ ਹੋਵੇਗੀ ਤਾਂ ਅਸੀ ਸੁਖਪਾਲ ਖਹਿਰਾ ਨਾਲ ਡਟ ਕੇ ਖੜਾਂਗੇ। ਗ੍ਰਿਫ਼ਤਾਰੀ ਦੇ ਹੁਕਮ ਕਿਹੜੇ ਕਾਰਨਾਂ ਕਰਕੇ ਦਿੱਤੇ ਗਏ ਹਨ ਇਸਦੀ ਪੁਖਤਾ ਜਾਣਕਾਰੀ ਹਾਲੇ ਤੱਕ ਨਹੀਂ ਮਿਲ ਪਾਈ ਹੈ।