ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਚੱਲ ਰਹੇ ਤਕਰਾਅ ਵਿਚਾਲੇ ਲੁਧਿਆਣਾ ਦੇ ਹਲਕਾ ਪੱਛਮੀ ਤੋਂ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ‘ਤੇ ਗੰਭੀਰ ਇਲਜ਼ਾਮ ਲਗਾਇਆ ਹੈ ਕਿ ਬਿੱਟੂ ਨੇ ਲੁਧਿਆਣਾ ਦੇ ਰੋਜ ਗਾਰਡਨ ਨੇੜੇ ਸਰਕਾਰੀ ਕੋਠੀ ‘ਤੇ ਕਬਜ਼ਾ ਕੀਤਾ ਹੋਇਆ ਹੈ। ਗੋਗੀ ਨੇ ਕਿਹਾ ਕਿ ਨਿਯਮਾਂ ਮੁਤਾਬਕ ਐਮ. ਪੀ. ਕੋਲ ਇੱਕੋ ਸਰਕਾਰੀ ਕੋਠੀ ਹੁੰਦੀ ਹੈ, ਜਿਹੜੀ ਬਿੱਟੂ ਕੋਲ ਦਿੱਲੀ ਵਿਚ ਹੈ। ਜਦ ਕਿ ਇੱਥੇ ਬਿੱਟੂ ਨੇ ਮੁਫ਼ਤ ਵਿੱਚ ਬਿਜਲੀ-ਪਾਣੀ ਵਰਤਿਆ, ਟੈਕਸ ਵੀ ਬਚਾਇਆ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਲਈਆਂ। ਇਸ ਦੌਰਾਨ ਵਿਧਾਇਕ ਗੋਗੀ ਨੇ ਇਹ ਵੀ ਦਾਅਵਾ ਠੋਕਿਆ ਕਿ ਸਾਡੀ ਸਰਕਾਰ ਕਬਜ਼ਾ ਛੁਡਵਾ ਕੇ ਪਿਛਲੇ ਚਾਰ ਸਾਲਾਂ ਦਾ ਕਿਰਾਇਆ ਵਸੂਲੇਗੀ।
ਇਸ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਵਿਧਾਇਕ ਗੋਗੀ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪਤਾ ਹੈ ਕਿ ਕੋਠੀਆਂ ‘ਤੇ ਕਿਵੇਂ ਕਬਜ਼ਾ ਕੀਤਾ ਜਾਂਦਾ ਹੈ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਗੁਰਪ੍ਰੀਤ ਗੋਗੀ ਨੂੰ ਕਿਹਾ ਕਿ ਉਹ ਐਨਆਰਆਈ ਦਾ ਘਰ ਸਮਝ ਕੇ ਕਿਸੇ ਵੀ ਸਮੇਂ ਨਾ ਆ ਜਾਣ। ਨਹੀਂ ਤਾਂ ਉਨ੍ਹਾਂ ਦੀ ਗਲੀ ਤੇ ਮੁਹੱਲੇ ਦੇ ਕੁੱਤੇ ਅਤੇ ਬਿੱਲੀਆਂ ਉਨ੍ਹਾਂ ਨੂੰ ਪੰਜਾ ਮਾਰ ਦੇਣਗੇ। ਅਜਿਹਾ ਨਾ ਹੋਵੇ ਕਿ ਬਾਅਦ ਵਿੱਚ ਉਨ੍ਹਾਂ ਨੂੰ ਡਾਕਟਰਾਂ ਤੋਂ ਟੀਕੇ ਲਗਵਾਉਣੇ ਪੈਣ।
ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ। ਕਾਂਗਰਸ ਸਰਕਾਰ ਦੇ ਸਮੇਂ ਸਕੂਲ ਲਈ 50 ਕਰੋੜ ਦੀ ਜ਼ਮੀਨ ਅਤੇ 8 ਕਰੋੜ ਦੇ ਫੰਡ ਰੱਖੇ ਗਏ ਸਨ। ਉਹ ਸਿਰਫ ਉਸ ਸਕੂਲ ਦੀ ਹਾਲਤ ਦੇਖਣ ਗਏ ਸਨ। ਕਾਂਗਰਸ ਸਰਕਾਰ ਦੌਰਾਨ ਕਈ ਵਿਕਾਸ ਕਾਰਜ ਹੋਏ ਹਨ, ਜਿਨ੍ਹਾਂ ਦਾ ਉਦਘਾਟਨ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤਾ ਜਾ ਰਿਹਾ ਹੈ। ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਕਿਹਾ ਕਿ ਅੱਜ ਸਮਾਰਟ ਕਾਰਡ (Smart Card) ਕੱਟਣ ਦਾ ਕਾਰਨ ਨਹੀਂ ਦੱਸੀ। ਵਿਧਾਇਕਾਂ ਦਾ ਲੋਕਾਂ ਦੇ ਘਰਾਂ ‘ਤੇ ਕਬਜ਼ਾ ਕਰਨ ਦਾ ਟ੍ਰੈਂਡ ਹੈ। ਉਹ ਜਾਣਦੇ ਹਨ ਕਿ ਕੋਠੀਆਂ ਨੂੰ ਕਿਵੇਂ ਹਾਸਲ ਕਰਨਾ ਹੈ।