ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ। ਦਰਅਸਲ, ਬਜਰੰਗ ਦਲ ਹਿੰਦ ਦੇ ਸੰਸਥਾਪਕ ਹਿਤੇਸ਼ ਭਾਰਦਵਾਜ ਨੇ ਹਾਲ ਹੀ ਵਿੱਚ ਹੋਈਆਂ ਕਰਨਾਟਕ ਚੋਣਾਂ ਦੌਰਾਨ ਬਜਰੰਗ ਦਲ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਲਈ ਖੜਗੇ ਖ਼ਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਜਿਸ ਤੋਂ ਬਾਅਦ ਸੰਗਰੂਰ ਦੀ ਸਥਾਨਕ ਅਦਾਲਤ ਦੀ ਸਿਵਲ ਜੱਜ ਰਮਨਦੀਪ ਕੌਰ ਦੀ ਅਦਾਲਤ ਨੇ ਖੜਗੇ ਨੂੰ 10 ਜੁਲਾਈ ਨੂੰ ਤਲਬ ਕੀਤਾ ਹੈ।
ਪਟੀਸ਼ਨਕਰਤਾ ਹਿਤੇਸ਼ ਭਾਰਦਵਾਜ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਨੇ ਬਜਰੰਗ ਦਲ ਦੀ ਤੁਲਨਾ ਦੇਸ਼ ਵਿਰੋਧੀ ਸੰਗਠਨਾਂ ਨਾਲ ਕੀਤੀ ਹੈ ਅਤੇ ਕਰਨਾਟਕ ‘ਚ ਸੱਤਾ ‘ਚ ਆਉਣ ਤੋਂ ਬਾਅਦ ਬਜਰੰਗ ਦਲ ‘ਤੇ ਪਾਬੰਦੀ ਲਗਾਉਣ ਦਾ ਵਾਅਦਾ ਵੀ ਕੀਤਾ। ਭਾਰਦਵਾਜ ਨੇ ਕਿਹਾ ਕਿ ਜਦੋਂ ਉਨ੍ਹਾਂ ਦੇਖਿਆ ਕਿ ਚੋਣ ਮਨੋਰਥ ਪੱਤਰ ਦੇ ਪੰਨਾ ਨੰਬਰ-10 ‘ਤੇ ਕਾਂਗਰਸ ਨੇ ਬਜਰੰਗ ਦਲ ਦੀ ਤੁਲਨਾ ਰਾਸ਼ਟਰ ਵਿਰੋਧੀ ਸੰਗਠਨਾਂ ਨਾਲ ਕੀਤੀ ਹੈ ਅਤੇ ਚੋਣਾਂ ਜਿੱਤਣ ‘ਤੇ ਸੰਗਠਨ ‘ਤੇ ਪਾਬੰਦੀ ਲਗਾਉਣ ਦਾ ਵਾਅਦਾ ਕੀਤਾ ਹੈ ਤਾਂ ਉਨ੍ਹਾਂ ਨੇ ਅਦਾਲਤ ਤੱਕ ਪਹੁੰਚ ਕੀਤੀ।