ਸਾਬਕਾ ਕਾਂਗਰਸੀ ਆਗੂ ਕਮਲਜੀਤ ਬਰਾੜ ਵੱਲੋਂ ਲਗਾਏ ਇਲਜ਼ਾਮਾਂ ‘ਤੇ ਚੁੱਪੀ ਤੋੜਦਿਆਂ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਵੱਡਾ ਬਿਆਨ ਜਾਰੀ ਕਰ ਦਿੱਤਾ ਹੈ। ਦਰਅਸਲ, ਰਾਜਾ ਵੜਿੰਗ ਅੱਜ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਨਵ-ਨਿਯੁਕਤ ਜ਼ਿਲ੍ਹਾ-ਪ੍ਰਧਾਨਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ ਜਿਥੇ ਪੱਤਰਕਾਰਾਂ ਵਲੋਂ ਸਵਾਲ ਕੀਤਾ ਗਿਆ ਕਿ ਕਮਲਜੀਤ ਬਰਾੜ ਨੇ ਤੁਹਾਡੇ ‘ਤੇ ਇਹ ਇਲਜ਼ਾਮ ਲਗਾਏ ਹਨ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਤੋਂ 10 ਕਰੋੜ ਰੁਪਏ ਲਏ ਸਨ ਜਿਸ ਵਿਚੋਂ 4 ਕਰੋੜ ਟਿਕਟ ਲਈ ਅਤੇ 6 ਕਰੋੜ ਰੁਪਏ ਉਧਾਰ ਲਏ ਸਨ ਅਤੇ ਰਾਜਾ ਵੜਿੰਗ ਨੇ ਹੀ ਸਰਕਾਰ ਨਾਲ ਸਮਝੌਤਾ ਕਰਵਾ ਕੇ ਸਿੱਧੂ ਮੂਸੇਵਾਲਾ ਦਾ ਸਸਕਾਰ ਕਰਵਾਇਆ ਸੀ ਜਿਸ ‘ਤੇ ਰਾਜਾ ਵੜਿੰਗ ਨੇ ਜਵਾਬ ਦਿੰਦੇ ਹੋਏ ਕਿਹਾ ਕਿ ‘ਕੋਈ ਨਾ, ਕਹਿੰਦੇ ਹੀ ਹੁੰਦੇ ਹਨ ਲੋਕ, ਇਲਜ਼ਾਮ ਲਗਾਉਂਦੇ ਹੀ ਹੁੰਦੇ ਹਨ। ਨਾਲ ਹੀ ਉਹਨਾਂ ਪੱਤਰਕਾਰਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ‘ਜੇਕਰ ਮੈਂ ਪੈਸੇ ਲਏ ਵੀ ਹੋਣਗੇ ਤਾਂ ਮੈਂ ਤੁਹਾਨੂੰ ਕਿਉਂ ਦੱਸੂਗਾ’।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਨੂੰ ਰਾਜਾ ਵੜਿੰਗ ਦੇ ਹੱਕ ਵਿਚ ਬਿਆਨ ਦੇਣ ਲਈ ਰਾਜਾ ਵੜਿੰਗ ਨੇ ਮਜਬੂਰ ਕੀਤਾ ਸੀ। ਆਪਣੇ ’ਤੇ ਲੱਗੇ ਇਸ ਇਲਜ਼ਾਮ ਨੂੰ ਲੈਕੇ ਰਾਜਾ ਵੜਿੰਗ ਨੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਇਸ ਦਾ ਜਵਾਬ ਸਿੱਧੂ ਮੂਸੇਵਾਲਾ ਦੇ ਪਿਤਾ ਹੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਹੀ ਇਸ ਗੱਲ ਦੀ ਸਪਸ਼ਟੀਕਰਨ ਦੇ ਸਕਦੇ ਹਨ। ਰਾਜਾ ਵੜਿੰਗ ਕਿਵੇਂ ਦੇ ਸਕਦਾ ਹੈ।
ਦੱਸ ਦਈਏ ਕਿ ਕਮਲਜੀਤ ਬਰਾੜ ਕਿਸੇ ਵੇਲੇ ਕਾਂਗਰਸ ਪ੍ਰਧਾਨ ਦੇ ਨੇੜੇ ਵੀ ਰਹੇ ਹਨ। ਉਨ੍ਹਾਂ ਨੇ ਚੋਣਾਂ ਦੌਰਾਨ ਰਾਜਾ ਵੜਿੰਗ ਦੇ ਹੱਕ ਵਿੱਚ ਵੀ ਚੋਣ ਪ੍ਰਚਾਰ ਕੀਤਾ ਸੀ। ਸ. ਬਰਾੜ ਨੇ ਕਿਹਾ ਮੈਂ ਚੋਣਾਂ ਦੌਰਾਨ ਰਾਜਾ ਵੜਿੰਗ ਦੇ ਹਲਕੇ ਅਤੇ ਸਿੱਧੂ ਮੂਸੇਵਾਲਾ ਦੇ ਹਲਕੇ ਵਿੱਚ ਗਿਆ ਸੀ। ਉਸ ਦੌਰਾਨ ਇਹ ਸਾਰੀਆਂ ਚੀਜਾਂ ਮੇਰੇ ਸਾਹਮਣੇ ਆਈਆਂ ਹਨ। ਕਾਬਲੇਗੌਰ ਹੈ ਕਿ ਕੁਝ ਦਿਨਾਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਕਮਲਜੀਤ ਬਰਾੜ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ।
ਜਿਸ ਤੋਂ ਬਾਅਦ ਸਾਬਕਾ ਕਾਂਗਰਸੀ ਕਮਲਜੀਤ ਬਰਾੜ ਨੇ ਮੌਜੂਦਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਉਤੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਤੋਂ 10 ਕਰੋੜ ਰੁਪਏ ਲਏ ਸਨ। ਕਮਲਜੀਤ ਬਰਾੜ ਨੇ ਕਿਹਾ ਕਿ ਵੜਿੰਗ ਨੇ 4 ਕਰੋੜ ਟਿਕਟ ਲਈ ਅਤੇ 6 ਕਰੋੜ ਰੁਪਏ ਉਧਾਰ ਲਏ ਸਨ। ਉਨ੍ਹਾਂ ਇਹ ਵੀ ਕਿਹਾ ਰਾਜਾ ਵੜਿੰਗ ਨੇ ਸਰਕਾਰ ਨਾਲ ਸਮਝੌਤਾ ਕਰਵਾ ਕੇ ਸਿੱਧੂ ਮੂਸੇਵਾਲਾ ਦਾ ਸਸਕਾਰ ਕਰਵਾਇਆ ਸੀ, ਇਸੇ ਤਹਿਤ ਕਾਂਗਰਸ ਪ੍ਰਧਾਨ ਨੂੰ ਸਪੈਸ਼ਲ ਸੁਰੱਖਿਆ ਮਿਲੀ ਹੈ। ਹੋਰ ਤਾਂ ਹੋਰ ਕਮਲਜੀਤ ਬਰਾੜ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਰਾਜਾ ਵੜਿੰਗ ਜਿਥੋ ਵੀ ਚੋਣ ਲੜੇਗਾ ਮੈਂ ਉਹਦੇ ਖਿਲਾਫ਼ ਚੋਣ ਲੜਾਂਗਾ।