ਸੰਗਰੂਰ ਦੇ ਧੂਰੀ ਵਿਖੇ ਰੱਖੇ ‘ਸਰਕਾਰ ਤੁਹਾਡੇ ਦੁਆਰ’ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਜਿਥੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣੀਆਂ। ਉਥੇ ਹੀ ਸਰਕਾਰ ਵੱਲੋਂ MSP ‘ਚ ਲਾਏ ਗਏ ਵੈਲਯੂ ਕੱਟ ਤੋਂ ਬਾਅਦ ਕਿਸਾਨਾਂ ਦੇ ਰੇਲ ਰੋਕੋ ਧਰਨੇ ‘ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਬਿਨਾਂ ਵਜ੍ਹਾ ਹੀ ਧਰਨਾ ਲਾ ਕੇ ਬੈਠ ਜਾਂਦੀਆਂ ਹਨ। ਪਹਿਲੇ ਸਮੇਂ ‘ਚ ਲੋਕ ਧਰਨਾ ਲਾਉਣ ਤੋਂ ਪਹਿਲਾਂ ਉਸਦੀ ਵਜ੍ਹਾ ਦੇਖਦੇ ਸਨ ਪਰ ਹੁਣ ਦੇ ਲੋਕ ਬਸ ਜਗ੍ਹਾ ਦੇਖਦੇ ਹਨ ਕਿ ਜਿੱਥੇ ਜਗ੍ਹਾ ਖਾਲੀ ਹੈ, ਉੱਥੇ ਬੈਠ ਜਾਓ ਤੇ ਮੰਗਾਂ ਨੂੰ ਬਾਅਦ ਵਿੱਚ ਦੇਖ ਲਵਾਂਗੇ। ਮਾਨ ਨੇ ਆਖਿਆ ਕਿ ਮੈਨੂੰ ਇਕੱਲੀ-ਇਕੱਲੀ ਗੱਲ ਬਾਰੇ ਪਤਾ ਹੈ। ਸੀ.ਐਮ. ਨੇ ਕਿਹਾ ਕਿ ਜੇਕਰ ਅਸੀ ਗੱਲਬਾਤ ਲਈ ਤਿਆਰ ਹਾਂ ਤਾਂ ਧਰਨਾ ਕਿਉਂ ਦਿੱਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਸੰਬੋਧਨ ਦੌਰਾਨ ਮਾਨ ਨੇ ਕਿਹਾ ਕਿ ਇਹ ਪ੍ਰੋਗਰਾਮ ‘ਸਰਕਾਰ ਤੁਹਾਡੇ ਦੁਆਰ’ ਹੈ। ਸਰਕਾਰ ਦੇ ਸਾਰੇ ਅਧਿਕਾਰੀ ਅੱਜ ਨਾਲ ਆਏ ਹਨ ਅਤੇ ਜਿਨ੍ਹਾਂ ਨੂੰ ਕਿਸੇ ਵੀ ਵਿਭਾਗ ਨਾਲ ਕੋਈ ਪਰੇਸ਼ਾਨੀ ਹੈ ਤਾਂ ਲੋਕ ਉਨ੍ਹਾਂ ਵਿਭਾਗਾਂ ਦੇ ਸਬੰਧਿਤ ਅਧਿਕਾਰੀਆਂ ਨੂੰ ਦੱਸ ਸਕਦੇ ਹਨ। ਮਾਨ ਨੇ ਆਖਿਆ ਕਿ ਲੋਕਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ, ਇਸ ਲਈ ਸਰਕਾਰ ਵੱਲੋਂ ਇਹ ਪ੍ਰੋਗਰਾਮ ਬਣਾਇਆ ਗਿਆ ਹੈ। ਮਾਨ ਨੇ ਕਿਹਾ ਕਿ ਧੂਰੀ ਸਾਰੇ ਪੰਜਾਬ ਲਈ ਇਕ ਪ੍ਰਯੋਗਸ਼ਾਲਾ ਬਣੇਗਾ, ਇੱਥੇ ਟੈਸਟ ਕੀਤੇ ਜਾਣਗੇ ਤੇ ਜੇਕਰ ਉਹ ਟੈਸਟ ਕਾਮਯਾਬ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਪੂਰੇ ਸੂਬੇ ‘ਚ ਲਾਗੂ ਕੀਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਆਖਿਆ ਕਿ 7-8 ਮਹੀਨਿਆਂ ਤੋਂ ਨਹਿਰਾਂ ਨੂੰ ਜਿਉਂਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ‘ਚ ਅੰਡਰਗਰਾਊਂਡ ਪਾਈਪਾਂ ਪਾਉਣ ਦੇ ਕੰਮ ਲਈ 90 ਪੈਸੇ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ ਤੇ 10 ਪੈਸੇ ਸੂਬਾ ਸਰਕਾਰ ਵੱਲੋਂ ਪਰ ਪਿੰਡਾਂ ਦੀਆਂ ਪੰਚਾਇਤਾਂ ਕੋਲ ਇੰਨਾ ਪੈਸੇ ਨਹੀਂ ਹਨ। ਇਸ ਲਈ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਕਿ ਸਰਕਾਰ ਪੰਚਾਇਤਾਂ ਤੋਂ 10 ਫ਼ੀਸਦੀ ਹਿੱਸਾ ਨਾ ਲੈ ਕੇ ਸਾਰਾ ਖ਼ਰਚਾ ਖ਼ੁਦ ਕਰੇਗੀ ਅਤੇ ਕੋਈ ਪਿੰਡ ਅੰਡਰਗਰਾਊਂਡ ਪਾਇਪਾਂ ਤੋਂ ਵਾਂਝਾ ਨਹੀਂ ਰਹੇਗਾ। ਧੂਰੀ ‘ਚ 23 ਕਿਲੋਮੀਟਰ ਪਾਈਪਲਾਈਨ ਪੈ ਚੁੱਕੀ ਹੈ ਤੇ 41 ਕੰਮ ਚੱਲ ਰਹੇ ਹਨ। ਪੰਜਾਬ ਕੋਲ ਪਹਿਲਾਂ ਨਾ ਕੱਸੀ ਦਾ ਪਾਣੀ ਸੀ ਅਤੇ ਨਾ ਬਿਜਲੀ ਪਰ ਹੁਣ ਕਿਸਾਨਾਂ ਕੋਲ ਦੋਵੇਂ ਚੀਜ਼ਾਂ ਹਨ। ਝੋਨਾ ਲੱਗਣ ਤੋਂ ਪਹਿਲਾਂ ਨਹਿਰਾਂ ਦੇ ਕਿਨਾਰੇ ਮਜ਼ਬੂਤ ਕੀਤੇ ਜਾਣਗੇ।