ਹੱਕੀ ਮੰਗਾਂ ਨੂੰ ਲੈਕੇ ਪਟਿਆਲਾ ‘ਚ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂਆਂ ਦੇ ਸੰਘਰਸ਼ ਨੂੰ ਸਫ਼ਲਤਾ ਮਿਲੀ ਜਦੋਂ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀਆਂ ਕੁਝ ਮੰਗਾਂ ਨੂੰ ਪੂਰਾ ਕਰਨ ਲਈ ਸਹਿਮਤੀ ਬਣ ਗਈ ਹੈ। ਦਸ ਦਈਏ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਕ) ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀਰਵਾਰ ਸ਼ਾਮ ਨੂੰ ਆਪਣੀ ਅਣਮਿੱਥੇ ਸਮੇਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਖਤਮ ਕਰ ਦਿੱਤੀ। ਇਸ ਮੌਕੇ ਉਹਨਾਂ ਨੇ ਨਾਰੀਅਲ ਪਾਣੀ ਪੀਕੇ ਮਰਨ ਵਰਤ ਖ਼ਤਮ ਕਰਨ ਦਾ ਐਲਾਨ ਕੀਤਾ।
ਦਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ 8 ਜੂਨ ਤੋਂ ਪੀਐਸਪੀਸੀਐਲ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਸਨ। ਹਾਲਾਂਕਿ, ਮੰਗਲਵਾਰ ਤੜਕੇ ਪੁਲਿਸ ਦੀ ਕਾਰਵਾਈ ਤੋਂ ਬਾਅਦ, ਉਨ੍ਹਾਂ ਨੂੰ ਪੀਐਸਪੀਸੀਐਲ ਦੇ ਮੁੱਖ ਦਫਤਰ ਦੇ ਗੇਟਾਂ ਤੋਂ ਚੁੱਕ ਦਿੱਤਾ ਗਿਆ ਸੀ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ ਸੀ।