ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀਰਤਪੁਰ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਕੀਰਤਪੁਰ ਸਹਿਬ-ਸ੍ਰੀ ਅਨੰਦਪੁਰ ਸਾਹਿਬ-ਨੰਗਲ- ਊਨਾ ਵਾਲਾ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਗਿਆ। ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦੇ ਇੱਕ ਦਿਨ ਦੇ 10 ਲੱਖ 12 ਹਜ਼ਾਰ ਰੁਪਏ ਬਚਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਕੰਪਨੀ ਨੇ ਕਈ ਵਾਰ ਐਗਰੀਮੈਂਟ ਦੀ ਉਲੰਘਣਾ ਕੀਤੀ ਹੈ ਅਤੇ ਕੰਪਨੀ ਨੇ ਸਾਡੇ ਕੋਲ 582 ਦਿਨਾਂ ਦੀ ਮਿਆਂਦ ਵਧਾਉਣ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਖਾਰਿਜ ਕਰ ਦਿੱਤਾ ਗਿਆ ਹੈ। ਮਾਨ ਨੇ ਕਿਹਾ ਅੱਜ ਤੋਂ ਇਹ ਟੋਲ ਪਲਾਜ਼ਾ ਜਨਤਾ ਲਈ ਖੋਲ੍ਹ ਦਿੱਤਾ ਹੈ ਜਦਕਿ ਕੰਪਨੀ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਵੱਲੋਂ ਹੁਣ ਤੱਕ ਕਈਆਂ ਗਾਰੰਟੀਆਂ ਪੂਰੀਆਂ ਕੀਤੀਆਂ ਗਈਆਂ ਹਨ।
ਇਸ ਮੌਕੇ ਭਗਵੰਤ ਮਾਨ ਨੇ ਵਿਰੋਧੀਆਂ ਉਤੇ ਨਿਸ਼ਾਨੇ ਵੀ ਲਾਏ। ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ਾ ਪਿਛਲੀ ਕਾਂਗਰਸ ਸਰਕਾਰ ਵੇਲੇ ਲੱਗਿਆ ਸੀ ਅਤੇ 2014 ਵਿਚ ਅਕਾਲੀ ਸਰਕਾਰ ਵੇਲੇ ਬੰਦ ਹੋਣਾ ਸੀ, ਜਿਸ ਨੂੰ ਬੰਦ ਨਹੀਂ ਕੀਤਾ ਗਿਆ। ਫਿਰ ਬਾਅਦ ਵਿਚ 2017 ਵਿਚ ਵੀ ਕਾਂਗਰਸ ਦੀ ਸਰਕਾਰ ਨੂੰ ਇਹ ਟੋਲ ਪਲਾਜ਼ਾ ਬੰਦ ਕਰਨ ਦਾ ਮੌਕਾ ਸੀ ਜਦਕਿ ਇਸ ਨੂੰ ਫਿਰ ਵੀ ਬੰਦ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਚਾਚੇ-ਭਤੀਜੇ ਦੀ ਮਿਲੀਭੁਗਤ ਨਾਲ ਹੀ ਇਸ ਨੂੰ ਬੰਦ ਨਹੀਂ ਕੀਤਾ ਗਿਆ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ 7 ਟੋਲ ਬੰਦ ਕਰਵਾਏ ਹਨ ਤੇ ਅੱਜ ਉਹਨਾਂ ਨੇ 8ਵਾਂ ਟੋਲ ਪਲਾਜ਼ਾ ਬੰਦ ਕਰਵਾਇਆ ਹੈ। ਇਸ ਤੋਂ ਪਹਿਲਾਂ ਸੰਗਰੂਰ-ਲੁਧਿਆਣਾ ਰੋਡ ਉਤੇ 2 ਟੋਲ ਪਲਾਜ਼ਾ ਬੰਦ ਕੀਤੇ ਹਨ। ਹੁਸ਼ਿਆਰਪੁਰ ਟਾਂਡਾ ਰੋਡ ਉਤੇ 1 ਟੋਲ ਪਲਾਜ਼ਾ ਬੰਦ ਕੀਤਾ ਹੈ। ਬਲਾਚੌਰ- ਗੜ੍ਹਸ਼ੰਕਰ- ਹੁਸ਼ਿਆਰਪੁਰ ਰੋਡ ਉਤੇ 3 ਟੋਲ ਪਲਾਜ਼ਾ ਬੰਦ ਕੀਤੇ ਹਨ। ਹਾਈ ਲੈਵਲ ਬ੍ਰਿਜ ਮੱਖੂ ਉਤੇ 1 ਟੋਲ ਬੰਦ ਕੀਤਾ ਹੈ। ਅੱਜ ਕੀਰਤਪੁਰ ਸਾਹਿਬ- ਨੰਗਲ- ਉਨਾ ਰੋਡ ਟੋਲ ਪਲਾਜ਼ਾ ਬੰਦ ਕਰਵਾਇਆ ਹੈ।