2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੀ ਬੈਠਕ 17-18 ਜੁਲਾਈ ਯਾਨੀ ਅੱਜ ਤੇ ਕੱਲ੍ਹ ਬੈਂਗਲੁਰੂ ‘ਚ ਹੋਣ ਜਾ ਰਹੀ ਹੈ। ਮੀਟਿੰਗ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ, ਕਾਂਗਰਸ ਨੇ ਦਿੱਲੀ ਵਿਚ ਅਫਸਰਾਂ ਦੇ ਤਬਾਦਲੇ ਬਾਰੇ ਕੇਂਦਰ ਦੇ ਲਿਆਂਦੇ ਆਰਡੀਨੈਂਸ ਵਿਰੁੱਧ ਆਮ ਆਦਮੀ ਪਾਰਟੀ (ਆਪ) ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ- ਅਸੀਂ ਕੇਂਦਰ ਸਰਕਾਰ ਦੇ ਆਰਡੀਨੈਂਸ ਖਿਲਾਫ ਸੰਸਦ ‘ਚ ‘ਆਪ’ ਦਾ ਸਮਰਥਨ ਕਰਾਂਗੇ। ਜਿਸ ਤੋਂ ਬਾਅਦ ਹੁਣ ਇਹ ਸਪਸ਼ਟ ਹੋ ਚੁੱਕਾ ਹੈ ਕਿ ‘ਆਪ’ ਅੱਜ ਬੈਂਗਲੁਰੂ ‘ਚ ਹੋਣ ਵਾਲੀ ਵਿਰੋਧੀ ਏਕਤਾ ਦੀ ਬੈਠਕ ‘ਚ ਵੀ ਸ਼ਿਰਕਤ ਕਰੇਗੀ। ਕਾਂਗਰਸ ਦੇ ਫੈਸਲੇ ‘ਤੇ ‘ਆਪ’ ਸੰਸਦ ਰਾਘਵ ਚੱਢਾ ਨੇ ਕਿਹਾ- ਇਹ ਚੰਗੀ ਪਹਿਲ ਹੈ। ਕਾਂਗਰਸ ਦੇ ਇਸ ਐਲਾਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਮੀਟਿੰਗ ਹੋਈ। ਜਿਸ ਵਿੱਚ ਰਾਘਵ ਚੱਢਾ, ਗੋਪਾਲ ਰਾਏ, ਆਤਿਸ਼ੀ ਸਮੇਤ ਪਾਰਟੀ ਦੇ ਕਈ ਆਗੂ ਮੌਜੂਦ ਸਨ। ਮੀਟਿੰਗ ਵਿੱਚ ‘ਆਪ’ ਨੇ ਫੈਸਲਾ ਕੀਤਾ ਕਿ ਉਹ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਸ਼ਾਮਲ ਹੋਵੇਗੀ।
ਸੰਸਦ ਦਾ ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਹੈ। ਕੇਂਦਰ ਸਰਕਾਰ ਇਸ ਸੈਸ਼ਨ ‘ਚ 21 ਬਿੱਲ ਲਿਆਉਣ ਜਾ ਰਹੀ ਹੈ, ਜਿਸ ‘ਚ ਦਿੱਲੀ ‘ਚ ਅਫਸਰਾਂ ਦੇ ਤਬਾਦਲੇ ਦੇ ਅਧਿਕਾਰ ਸਬੰਧੀ 20 ਮਈ ਨੂੰ ਲਿਆਂਦਾ ਗਿਆ ਆਰਡੀਨੈਂਸ ਵੀ ਸ਼ਾਮਲ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਆਰਡੀਨੈਂਸ ਵਿਰੁੱਧ ਵਿਰੋਧੀ ਧਿਰ ਦਾ ਸਮਰਥਨ ਇਕੱਠਾ ਕਰ ਰਹੇ ਹਨ। ਇਸ ਤੋਂ ਪਹਿਲਾਂ 23 ਜੂਨ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਬੁਲਾਈ ਸੀ। ਇਸ ਵਿੱਚ ‘ਆਪ’ ਸਮੇਤ 17 ਪਾਰਟੀਆਂ ਨੇ ਹਿੱਸਾ ਲਿਆ। ਫਿਰ ਬੈਠਕ ‘ਚ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਆਰਡੀਨੈਂਸ ‘ਤੇ ਸਾਡਾ ਸਮਰਥਨ ਨਹੀਂ ਕਰਦੀ ਤਾਂ ਅਸੀਂ ਵਿਰੋਧੀ ਧਿਰ ਦੀ ਬੈਠਕ ‘ਚ ਨਹੀਂ ਆਵਾਂਗੇ। ਕਾਂਗਰਸ ਪਾਰਟੀ ਦੀਆਂ ਦਿੱਲੀ ਅਤੇ ਪੰਜਾਬ ਇਕਾਈਆਂ ‘ਆਪ’ ਨੂੰ ਸਮਰਥਨ ਦੇਣ ਦੇ ਵਿਰੁੱਧ ਸਨ। ਦਿੱਲੀ ਵਿੱਚ ਪਾਰਟੀ ਆਗੂ ਅਜੈ ਮਾਕਨ ਅਤੇ ਪੰਜਾਬ ਵਿੱਚ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਸੀ ਕਿ ਅਸੀਂ ਸੂਬੇ ਵਿੱਚ ਜਿਨ੍ਹਾਂ ਖ਼ਿਲਾਫ਼ ਲੜ ਰਹੇ ਹਾਂ, ਉਨ੍ਹਾਂ ਦਾ ਸਮਰਥਨ ਕਿਉਂ ਕਰੀਏ।
ਕਾਂਗਰਸ ਪ੍ਰਧਾਨ ਮਲਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ 29 ਮਈ ਨੂੰ ਦੋਹਾਂ ਸੂਬਿਆਂ ਦੇ ਨੇਤਾਵਾਂ ਨਾਲ ਬੈਠਕ ਕੀਤੀ ਸੀ। ਮੀਟਿੰਗ ਮਗਰੋਂ ਦਿੱਲੀ ਅਤੇ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਸਮਰਥਨ ਦੇਣ ਜਾਂ ਨਾ ਦੇਣ ਦਾ ਫੈਸਲਾ ਪਾਰਟੀ ਹਾਈਕਮਾਂਡ ’ਤੇ ਛੱਡ ਦਿੱਤਾ ਹੈ, ਉਹ ਅੰਤਿਮ ਫੈਸਲਾ ਲੈਣਗੇ।
ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਵਿਰੋਧੀ ਧਿਰ ਦੀ ਬੈਠਕ ‘ਚ ਸੋਨੀਆ ਗਾਂਧੀ ਵੀ ਸ਼ਿਰਕਤ ਕਰੇਗੀ। ਉਨ੍ਹਾਂ ਨੇ 12 ਜੁਲਾਈ ਨੂੰ ਪੱਤਰ ਲਿਖ ਕੇ ਅਰਵਿੰਦ ਕੇਜਰੀਵਾਲ ਸਮੇਤ ਸਾਰੇ ਵਿਰੋਧੀ ਨੇਤਾਵਾਂ ਨੂੰ 17 ਜੁਲਾਈ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 18 ਜੁਲਾਈ ਨੂੰ ਹੋਣ ਵਾਲੀ ਬੈਠਕ ਲਈ ਵੱਖਰਾ ਸੱਦਾ ਭੇਜਿਆ ਹੈ। 23 ਜੂਨ ਨੂੰ ਪਟਨਾ ‘ਚ ਹੋਈ ਵਿਰੋਧੀ ਪਾਰਟੀਆਂ ਦੀ ਬੈਠਕ ‘ਚ 17 ਪਾਰਟੀਆਂ ਨੇ ਹਿੱਸਾ ਲਿਆ ਸੀ। ਸੂਤਰਾਂ ਦੇ ਹਵਾਲੇ ਤੋਂ ਮਿਲੀ ਖ਼ਬਰ ਅਨੁਸਾਰ ਬੈਂਗਲੁਰੂ ਮੀਟਿੰਗ ਵਿੱਚ ਅੱਠ ਹੋਰ ਨਵੀਆਂ ਪਾਰਟੀਆਂ ਸ਼ਾਮਲ ਹੋ ਰਹੀਆਂ ਹਨ।